ਮੁਕੰਦ ਸਿੰਘ ਚੀਮਾ
ਸੰਦੌੜ, 6 ਜਨਵਰੀ
ਬੀਤੀ ਰਾਤ ਪਏ ਮੀਂਹ ਦੌਰਾਨ ਅਚਾਨਕ ਅਸਮਾਨੀ ਬਿਜਲੀ ਡਿੱਗ ਜਾਣ ਕਾਰਣ ਨੇੜਲੇ ਪਿੰਡ ਧਲੇਰ ਕਲਾਂ ਵਿਖੇ ਇੱਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ।ਅੱਗ ਲੱਗਣ ਕਾਰਣ ਦੁਕਾਨ ਵਿੱਚ ਪਿਆ ਕਾਫੀ ਸਮਾਨ ਸੜ ਗਿਆ।ਦੁਕਾਨ ਵਿਚ ਲੱਗੀ ਹੋਈ ਐੱਲ.ਈ.ਡੀ ਅਤੇ ਫਰਿੱਜ਼ ਵੀ ਨੁਕਸਾਨੀ ਗਈ।ਦੁਕਾਨ ਵਿਚੋਂ ਨਿਕਲ ਰਹੇ ਧੂੰਏ ਕਾਰਣ ਲੋਕਾਂ ਨੂੰ ਅੱਧੀ ਰਾਤ ਇਸ ਘਟਨਾ ਦਾ ਪਤਾ ਲੱਗਾ।ਲੋਕਾਂ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਅੱਗ ਨੂੰ ਬੁਝਾਇਆ ਪਰ ਉਦੋਂ ਤੱਕ ਕਾਫੀ ਸਮਾਨ ਸੜ ਚੁੱਕਾ ਸੀ।ਦੁਕਾਨਦਾਰ ਅਬਦੁਲ ਗੁਫਾਰ ਅਨੁਸਾਰ ਉਹ ਰੋਜ਼ਾਨਾ ਵਾਂਗ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ।
ਅੱਗ ਲੱਗਣ ਕਾਰਣ ਇਕ ਲੱਖ ਰੁਪਏ ਤੋਂ ਜਿਆਦਾ ਨੁਕਸਾਨ ਦਾ ਖਦਸ਼ਾ ਜਤਾਇਆ ਗਿਆ ਹੈ।ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ।