ਪੱਤਰ ਪੇ੍ਰਕ
ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਬੱਲਰਾਮ ਸਿੰਘ ਦੌਲੇ ਸਿੰਘ ਵਾਲਾ ਦੀ ਅਗਵਾਈ ਹੇਠ ਪਿੰਡ ਦੇ ਖੇਤ ਮਜ਼ਦੂਰ ਮਰਦ-ਔਰਤਾਂ ਵੱਲੋਂ ਸਰਪੰਚ ਅਮਨਦੀਪ ਕੌਰ ਨੂੰ ਬੇਘਰੇ ਅਤੇ ਲੋੜਵੰਦ ਪਰਿਵਾਰਾਂ ਲਈ ਪੰਜ ਪੰਜ ਮਰਲੇ ਪਲਾਟਾਂ ਦੇ ਮਤੇ ਪਵਾਉਣ ਲਈ ਲਿਸਟਾਂ ਸੌਂਪੀਆਂ ਗਈਆਂ। ਇਸ ਮੌਕੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਕਿਹਾ ਕਿ 24 ਸਤੰਬਰ ਨੂੰ ਸੂਬਾ ਸਰਕਾਰ ਨੇ ਲੋੜਵੰਦਾਂ ਅਤੇ ਬੇਘਰਿਆਂ ਲਈ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤ ਵਿਭਾਗ ਰਾਹੀਂ ਪੰਜਾਬ ਦੀਆਂ ਸਮੂਹ ਪੰਚਾਇਤਾਂ ਨੂੰ ਹੁਕਮ ਕੀਤੇ ਸਨ। ਬੁਲਾਰੇ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਦਾ ਹਾਲੇ ਤੱਕ ਵਿਭਾਗੀ ਅਮਲ ਨਹੀਂ ਹੋਇਆ, ਜਿਸ ਕਾਰਨ ਮਜ਼ਦੂਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਲਾਟਾਂ ਦੀ ਦੇਰੀ ਨੂੰ ਲੈ ਕੇ ਪੰਜਾਬ ਦੀਆਂ ਸੱਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਬਣੇ ਮੋਰਚੇ ਵੱਲੋਂ ਭਲਕੇ ਏਡੀਸੀ ਸੰਗਰੂਰ ਦੇ ਦਫ਼ਤਰ ਵਿਖੇ ਧਰਨਾ ਦੇ ਕੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਲੋੜਵੰਦ ਗ਼ਰੀਬ ਮਜ਼ਦੂਰਾਂ ਦੇ ਹੱਕ ਵਿੱਚ ਮਤੇ ਪਵਾਉਣ ਦਾ ਮਸਲਾ ਹੱਲ ਕਰਵਾਇਆ ਜਾਵੇਗਾ।