ਜੈਸਮੀਨ ਭਾਰਦਵਾਜ
ਨਾਭਾ, 2 ਜੂਨ
ਹੌਰਲਿਕਸ ਅਤੇ ਬੂਸਟ ਨਾਮਕ ਦੋ ਮਸ਼ਹੂਰ ਉਤਪਾਦ ਬਣਾਉਣ ਵਾਲੀ ਕੰਪਨੀ ਗਲੈਕਸੋ ਸਮਿਥਕਲਾਈਨ ਦੇ ਹਿੰਦੁਸਤਾਨ ਯੂਨੀਲੀਵਰ ਵਿਚ ਮਰਜਰ ਦੇ ਕੁਝ ਮਹੀਨਿਆਂ ਅੰਦਰ ਹੀ ਕੰਪਨੀ ਦੇ ਨਾਭਾ ਪਲਾਂਟ ਦੀ ਮੈਨਜਮੈਂਟ ਅਤੇ ਲੇਬਰ ਵਿਚਾਲੇ ਤਣਾਅ ਪੂਰਨ ਸਥਿਤੀ ਬਣ ਚੁੱਕੀ ਹੈ ਜਿਸ ਕਰ ਕੇ ਪਿਛਲੇ 10 ਦਿਨਾਂ ਤੋਂ ਕੰਪਨੀ ਵਿਖੇ ਕੰਮ ਕਰ ਬੰਦ ਰਹਿਣ ਕਰ ਕੇ ਪੈਦਾਵਾਰ ਰੁਕੀ ਹੋਈ ਹੈ। ਇਸ ਪਲਾਂਟ ਵਿਚ ਕੱਚੇ ਅਤੇ ਪੱਕੇ ਮਿਲਾ ਕੇ 1600 ਦੇ ਕਰੀਬ ਮਜ਼ਦੂਰ ਕੰਮ ਕਰਦੇ ਹਨ। ਲੇਬਰ ਯੂਨੀਅਨ ਦਾ ਦੋਸ਼ ਹੈ ਕਿ ਕਰੋਨਾ ਕਰਫਿਊ ਦੌਰਾਨ ਕੰਮ ਜਾਰੀ ਰੱਖਦੇ ਹੋਏ ਕੰਪਨੀ ਨੇ 1 ਅਪਰੈਲ ਤੋਂ ਸਰਕਾਰ ਕੋਲੋਂ 50 ਪ੍ਰਤੀਸ਼ਤ ਸਮਰਥਾ ਨਾਲ ਪੈਦਾਵਾਰ ਕਰਨ ਦੀ ਮਨਜ਼ੂਰੀ ਲੈ ਲਈ ਜਿਸ ਤਹਿਤ ਕੰਪਨੀ ਨੇ ਕੁਝ ਮੁਲਾਜ਼ਮਾਂ ਨੂੰ ਕੰਮ ’ਤੇ ਬੁਲਾਇਆ ਅਤੇ ਬਾਕੀ ਕਿਸੇ ਨੂੰ ਵੀ ਤਨਖਾਹ ਨਾ ਦਿੱਤੀ। ਜਦੋ ਕਿ ਉਹ ਆਪਣੀ ਮਰਜ਼ੀ ਨਾਲ ਘਰ ਵਿਚ ਨਹੀਂ ਰਹੇ ਸਨ ਅਤੇ ਜਦੋ ਉਨ੍ਹਾਂ ਆਪਣੇ ਹੱਕਾਂ ਦੀ ਮੰਗ ਕੀਤੀ ਤਾਂ ਮੈਨਜਮੈਂਟ ਨੇ ਪਲਾਂਟ ਵਿਚ ਕੰਮ ਕਾਜ ਬੰਦ ਕਰ ਦਿੱਤਾ। ਯੂਨੀਅਨ ਮੁਤਾਬਿਕ ਕੰਪਨੀ ਉਨ੍ਹਾਂ ਨਾਲ 3 ਸਾਲ ਬਾਅਦ ਹੋਣ ਵਾਲੇ ਸਮਝੌਤੇ ਨੂੰ ਵੀ ਅਪਗ੍ਰੇਡ ਕਰਨ ਨੂੰ 20 ਮਹੀਨਿਆਂ ਤੋਂ ਲਟਕਾ ਰਹੀ ਹੈ ਜਿਸ ਬਾਬਤ ਮਾਮਲਾ ਲੇਬਰ ਟ੍ਰਿਬਿਊਨਲ ਵਿਖੇ ਲੰਬਿਤ ਹੈ। ਯੂਨੀਅਨ ਦੇ ਜਨਰਲ ਸਕੱਤਰ ਬਲਬੀਰ ਸਿੰਘ ਮੁਤਾਬਿਕ ਕੰਪਨੀ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹੈ ਤੇ ਕਿਰਤ ਅਦਾਰੇ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ।
ਦੂਜੇ ਪਾਸੇ ਕੰਪਨੀ ਨੇ ਇਸ ਨੂੰ ਵਰਕਰ ਦੀ ਗੈਰ ਕਾਨੂੰਨੀ ਹੜਤਾਲ ਦੱਸਦਿਆਂ ਗੇਟ ਉੱਪਰ ਨੋਟਿਸ ਲਗਾ ਦਿੱਤਾ ਹੈ ਕਿ ਯੂਨੀਅਨ ਦੇ ਆਗੂਆਂ ਦੇ ਬਹਿਕਾਵੇ ਵਿਚ ਆ ਕੇ ਵਰਕਰ ਕੰਮ ‘ਤੇ ਨਹੀਂ ਆ ਰਹੇ। ਕੰਪਨੀ ਵੱਲੋ ਇਕ ਬੁਲਾਰੇ ਨੇ ਦੱਸਿਆ ਕਿ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਵਰਕਰਾਂ ਨੂੰ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਸੰਬੰਧੀ ਪਟਿਆਲਾ ਅਸਿਸਟੈਂਟ ਲੇਬਰ ਕਮਿਸ਼ਨਰ ਜੇ ਪੀ ਸਿੰਘ ਸੋਹਲ ਨੇ ਦੱਸਿਆ ਕਿ ਉਹ ਦੋਵੇਂ ਧਿਰਾਂ ਨਾਲ ਗੱਲ ਬਾਤ ਕਰ ਕੇ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਉਤਪਾਦ ਨੂੰ ਜ਼ਰੂਰੀ ਵਸਤਾਂ ਵਿਚ ਸ਼ਾਮਲ ਕਰ ਕੇ ਸਰਕਾਰ ਵੱਲੋ ਕੁਝ ਸ਼ਰਤਾਂ ਹੇਠ ਪਲਾਂਟ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।