ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜਨਵਰੀ
26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਅੱਜ ਅਖੀਰਲੇ ਦਿਨ ਵੀ ਟਰੈਕਟਰ-ਟਰਾਲੀਆਂ ਸਣੇ ਕਿਸਾਨਾਂ ਦੇ ਦਿੱਲੀ ਰਵਾਨਾ ਹੋਣ ਦਾ ਸਿਲਸਲਾ ਜਾਰੀ ਰਿਹਾ। ਜਿਥੇ ਦਿੱਲੀ ਨੂੰ ਜਾਂਦੀਆਂ ਸੜਕਾਂ ’ਤੇ ਟਰੈਕਟਰਾਂ ਦੀ ਭਰਮਾਰ ਸੀ ਉਥੇ ਪਿੰਡ ਬਡਰੁੱਖਾਂ ਤੋਂ ਕਰੀਬ ਦੋ ਦਰਜਨ ਟਰੈਕਟਰ-ਟਰਾਲੀਆਂ ਸਣੇ ਵੱਡੀ ਤਾਦਾਦ ’ਚ ਕਿਸਾਨ ਜੈਕਾਰਿਆਂ ਦੀ ਗੂੰਜ਼ ਤੇ ਬੁਲੰਦ ਹੌਂਸਲੇ ਨਾਲ ਦਿੱਲੀ ਰਵਾਨਾ ਹੋਏ। ਭਾਵੇਂ ਭਲਕੇ 26 ਜਨਵਰੀ ਨੂੰ ਦਿੱਲੀ ’ਚ ਕਿਸਾਨ ਟਰੈਕਟਰ ਪਰੇਡ ਹੋਣੀ ਹੈ ਪਰ ਇਸ ਪਰੇਡ ਦਾ ਹਿੱਸਾ ਬਣਨ ਲਈ ਕਿਸਾਨਾਂ ਦਾ ਟਰੈਕਟਰਾਂ ਸਮੇਤ ਦਿੱਲੀ ਕੂਚ ਜਾਰੀ ਰਿਹਾ। ਸੜਕਾਂ ਉੁਪਰ ਅੱਜ ਜ਼ਿਆਦਾਤਰ ਖੇਤਾਂ ਦਾ ਰਾਜਾ ਹੀ ਦੌੜਦਾ ਨਜ਼ਰ ਆਇਆ। ਕਿਸਾਨ ਯੂਨੀਅਨਾਂ ਦੇ ਝੰਡੇ, ਦੇਸ਼ ਦੇ ਤਿਰੰਗੇ ਝੰਡੇ ਤੇ ਕੇਸਰੀ ਰੰਗ ਦੇ ਝੰਡਿਆਂ ਨਾਲ ਸ਼ਿੰਗਾਰੇ ਟਰੈਕਟਰ ਉਪਰ ਕਿਸਾਨੀ ਸੰਘਰਸ਼ ਦਾ ਪੂਰਾ ਜੋਸ਼ ਤੇ ਉਤਸ਼ਾਹ ਝਲਕ ਰਿਹਾ ਸੀ। ਟਰੈਕਟਰਾਂ ’ਤੇ ਲੱਗੇ ਸਪੀਕਰਾਂ ’ਚੋਂ ਗਰਜ ਰਹੇ ਪੰਜਾਬੀ ਗੀਤ ਕਿਸਾਨੀ ਸੰਘਰਸ਼ ਨੂੰ ਤਕੜਾ ਹੁਲਾਰਾ ਦਿੰਦਿਆਂ ਕਿਸਾਨਾਂ ਦਾ ਜੋਸ਼ ਵਧਾ ਰਹੇ ਸਨ। ਪਿੰਡ ਬਡਰੁੱਖਾਂ ’ ਮਹਾਰਾਜਾ ਰਣਜੀਤ ਸਿੰਘ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਟਰੈਕਟਰਾਂ ਸਣੇ ਇਕੱਠੇ ਹੋਏ ਜਿਥੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਗੁਰੂ ਅੱਗੇ ਨਤਮਸਤਕ ਹੁੰਦਿਆਂ ਦਿੱਲੀ ਨੂੰ ਰਵਾਨਾ ਹੋਏ। ਇਸ ਮੌਕੇ ਭਾਕਿਯੂ ਰਾਜੇਵਾਲ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕਰੀਬ ਦੋ ਦਰਜਨ ਟਰੈਕਟਰ-ਟਰਾਲੀਆਂ ਸਣੇ ਕਿਸਾਨ ਰਵਾਨਾ ਹੋਏ ਹਨ ਜੋ 26 ਜਨਵਰੀ ਦੀ ਟਰੈਕਟਰ ਪਰੇਡ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਟਰੈਕਟਰ ਪਰੇਡ ਸੰਘਰਸ਼ਾਂ ਦੇ ਸੁਨਿਹਰੀ ਪੰਨਿਆਂ ’ਚ ਦਰਜ ਹੋਵੇਗੀ ਤੇ ਦਿੱਲੀ ਦੀਆਂ ਸੜਕਾਂ ’ਤੇ ਕਿਸਾਨ ਸੰਘਰਸ਼ ਦਾ ਜੋਸ਼ ਪੂਰੀਆਂ ਦੁਨੀਆਂ ਵੇਖੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਖ਼ਿਲਾਫ਼ ਬਣਾਏ ਕਾਲੇ ਕਾਨੂੰਨਾਂ ਤੇ ਕਿਸਾਨੀ ਸੰਘਰਸ਼ ਨੂੰ ਨਜ਼ਰਅੰਦਾਜ ਕਰਨ ਨਾਲ ਮੋਦੀ ਸਰਕਾਰ ਦੀ ਪੂਰੀ ਦੁਨੀਆਂ ’ਚ ਭੰਡੀ ਹੋ ਰਹੀ ਹੈ। ਮੋਦੀ ਸਰਕਾਰ ਨੇ ਕੌਮਾਂਤਰੀ ਪੱਧਰ ’ਤੇ ਦੇਸ਼ ਦੇ ਲੋਕਤੰਤਰ ਦਾ ਮਜ਼ਾਕ ਉਡਾ ਕੇ ਰੱਖ ਦਿੱਤਾ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਲਗਾਏ ਗਏ ਦਿੱਲੀ ਮੋਰਚੇ ਦੌਰਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਭਵਾਨੀਗੜ੍ਹ ਦੇ ਪਿੰਡਾਂ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰਾਂ ’ਤੇ ਸਵਾਰ ਹੋ ਕੇ ਕਿਸਾਨ ਰਵਾਨਾ ਹੋ ਗਏ ਹਨ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਦੱਸਿਆ ਕਿ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਭਵਾਨੀਗੜ੍ਹ ਇਲਾਕੇ ਵਿੱਚੋਂ ਪਿਛਲੇ ਤਿੰਨ ਦਿਨਾਂ ਤੋਂ ਕਿਸਾਨਾਂ ਦੇ ਕਾਫਲੇ ਟਰੈਕਟਰਾਂ ਰਾਹੀਂ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 1000 ਟਰੈਕਟਰ ਦੇ ਲਗਪਗ ਟਰੈਕਟਰ ਰਵਾਨਾ ਹੋ ਗਏ ਹਨ ਤੇ ਇਲਾਕੇ ਦੇ ਸਾਰੇ 65 ਪਿੰਡਾਂ ਵਿੱਚੋਂ ਹੀ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ) ਕੇਂਦਰ ਦੀ ਮੋਦੀ ਸਰਕਾਰ ਵਿਰੋਧ ਵਿੱਚ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਦੀ ਤਿਆਰੀ ਨੂੰ ਲੈ ਕੇ ਅੱਜ ਜਗਮੇਲ ਸਿੰਘ ਗਿੱਲ ਸਾਬਕਾ ਯੂਥ ਪ੍ਹਧਾਨ ਅਮਰਗੜ੍ਹ ਗੁਰਸੇਵਕ ਸਿੰਘ ਗੁਰਵਿੰਦਰ ਸਿੰਘ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਜਿੱਤਵਾਲ ਕਲਾਂ ਤੋਂ ਕਿਸਾਨ ਇਕਾਈ ਦਾ ਜਥਾ ਟਰੈਕਟਰ-ਟਰਾਲੀ ਤੇ ਇੱਕ ਗੱਡੀ ਲੈ ਕੇ ਦਿੱਲੀ ਲਈ ਰਵਾਨਾ ਹੋਇਆ।
ਅਮਰਗੜ੍ਹ (ਰਾਜਿੰਦਰ ਜੈਦਕਾ) ਦਿੱਲੀ ’ਚ ਟਰੈਕਟਰ ਪਰੇਡ ’ਚ ਹਿੱਸਾ ਲੈਣ ਲਈ ਪਿੰਡ ਮੰਨਵੀਂ ਤੋਂ ਟਰੈਕਟਰਾਂ ਦਾ ਜੱਥਾ ਸਰਪੰਚ ਨਰਿੰਦਰ ਸਿੰਘ ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਮੇਲੀ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਸਰਪੰਚ ਨਰਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਹਰ ਰੋਜ਼ ਦਰਜਨਾਂ ਟਰੈਕਟਰ ਦਿੱਲੀ ਟਰੈਕਟਰ ਰੈਲੀ ਵਿੱਚ ਭਾਗ ਲੈਣ ਲਈ ਜਾ ਰਹੇ ਹਨ। ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਵਾਪਿਸ ਕਰਵਾਉਣ ਲਈ ਪੰਜਾਬ ਦੇ ਹਰ ਵਰਗ ਦੇ ਲੋਕ ਸਾਥ ਦੇ ਰਹੇ ਹਨ।
ਟਰੈਕਟਰ ਪਰੇਡ ਦੇ ਸਮਰਥਨ ਵਿੱਚ ਆਪ ਵਿਧਾਇਕਾਂ ਦਾ ਕਾਫਲਾ ਦਿੱਲੀ ਲਈ ਰਵਾਨਾ
ਘਨੌਰ (ਗੁਰਪ੍ਰੀਤ ਸਿੰਘ) ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾਣ ਵਾਲੀ ‘ਟਰੈਕਟਰ ਪਰੇਡ’ ਨੂੰ ਸਮਰਥਨ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਆਪ ਵਿਧਾਇਕਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ। ਇਹ ਕਾਫਲਾ ਜਿਸ ਵਿੱਚ ਕੁਲਤਾਰ ਸਿੰਘ ਸੰਧਵਾ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਤੇ ਜਗਤਾਰ ਸਿੰਘ ਰਾਏਕੋਟ ਸ਼ਾਮਲ ਹਨ। ਇਹ ਕਾਫਲਾ ਕੁਝ ਦੇਰ ਲਈ ਸ਼ੰਭੂ ਬੈਰੀਅਰ ’ਤੇ ਵੀ ਰੁਕਿਆ। ਜਿਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਜੈ ਕਿਸ਼ਨ ਸਿੰਘ ਰੋੜੀ ਨੇ ਆਖਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਵੱਲੋਂ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਆਮ ਆਦਮੀ ਪਾਰਟੀ ਸਮਰਥਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਨਿਰੋਲ ਕਿਸਾਨਾਂ, ਮਜ਼ਦੂਰਾਂ ਵੱਲੋਂ ਅਰੰਭਿਆ ਗਿਆ ਹੈ। ਇਸ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਭਾਵੇਂ ਸਿਆਸੀ ਪਾਰਟੀਆਂ ਦੇ ਆਗੂ ਕਿਸਾਨ-ਮਜ਼ਦੂਰ ਹੁੰਦੇ ਹੋਏ ਇਸ ਸੰਘਰਸ਼ ਦਾ ਸਮਰਥਨ ਕਰਦੇ ਹਨ ਪਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਸ ਜਨ ਅੰਦੋਲਨ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।