ਹਰਦੀਪ ਸਿੰਘ ਸੋਢੀ
ਧੂਰੀ, 1 ਜੁਲਾਈ
ਸ਼ਹਿਰ ਅੰਦਰ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਕਾਰਨ ਸ਼ਹਿਰ ਦੇ ਲੋਕ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਸਰਕਾਰ ਨੇ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ 12 ਘੰਟੇ ਦਰਮਿਆਨ ਵੀ ਬਿਜਲੀ ਦਾ ਵਾਰ ਵਾਰ ਕੱਟ ਲੱਗ ਜਾਂਦਾ ਹੈ। ਉੱਧਰ, ਪਾਵਰਕੌਮ ਦਾ ਸ਼ਿਕਾਇਤ ਨਿਵਾਰਨ ਮੋਬਾਈਲ ਨੰਬਰ ਵੀ ਵਿਅਸਤ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਰਾਤ ਸਮੇਂ ਨਿਰਵਿਘਨ ਦਿੱਤੀ ਜਾਵੇ। ਦੂਜੇ ਪਾਸੇ ਪਿੰਡਾਂ ਵਿੱਚ ਕੁਝ ਦਿਨਾਂ ਵਿੱਚ ਵਧੀ ਗਰਮੀ ਤੇ ਬਿਜਲੀ ਦੀ ਵਧੀ ਮੰਗ ਕਾਰਨ ਕੁਝ ਟਰਾਂਸਫਾਰਮਰ ਵੀ ਸੜ ਗਏ ਹਨ। ਇਸ ਸਬੰਧੀ ਪਾਵਰਕੌਮ ਦੇ ਐਕਸੀਅਨ ਮਨੋਜ ਕੁਮਾਰ ਨੇ ਕਿਹਾ ਕਿ ਬਿਜਲੀ ਦੀ ਮੰਗ ਇਕਦਮ ਵਧ ਗਈ ਹੈ, ਜਿਸ ਕਾਰਨ ਮੁਸ਼ਕਲ ਆ ਰਹੀ ਹੈ। ਉਹ ਲੋਕਾਂ ਦੀ ਸਮੱਸਿਆ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਜੇ ਟਰਾਂਸਫਾਰਮਰ ਸੜਨ ਦੀ ਸ਼ਿਕਾਇਤ ਦਾ ਫੌਰੀ ਹੱਲ ਕੀਤਾ ਜਾਂਦਾ ਹੈ।
ਬਿਜਲੀ ਸਪਲਾਈ ਦੀ ਸਮੱਸਿਆ ਖ਼ਿਲਾਫ਼ ਧਰਨਾ ਅੱਜ
ਧੂਰੀ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿੱਚ ਪੈਦਾ ਹੋਈ ਬਿਜਲੀ ਦੀ ਕਿੱਲਤ ਅਤੇ ਨਹਿਰੀ ਪਾਣੀ ਦੀ ਸਮੱਸਿਆ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ ਦੀ ਅਗਵਾਈ ਹੇਠ ਹਲਕਾ ਪੱਧਰੀ ਰੋਸ ਧਰਨਾ 2 ਜੁਲਾਈ ਨੂੰ ਐਕਸੀਅਨ ਬਿਜਲੀ ਦਫ਼ਤਰ ਬਾਗੜੀਆਂ ਰੋਡ ਧੂਰੀ ਵਿੱਚ ਦਿੱਤਾ ਜਾਵੇਗਾ।