ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਅਕਤੂਬਰ
ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦੇ ਚੱਲ ਰਹੇ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਦੂਜੇ ਦਿਨ ਲੜਕੀਆਂ ਦਾ ਨਾਚ ਲੁੱਡੀ, ਲੜਕਿਆਂ ਦਾ ਲੋਕ ਨਾਚ ਝੂੰਮਰ, ਭੰਡ ਅਤੇ ਨੁੱਕੜ ਨਾਟਕ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ ਬੇਹਤਰ ਕਲਾ ਦਾ ਪ੍ਰਦਰਸ਼ਨ ਕਰਕੇ ਵਾਹ-ਵਾਹ ਖੱਟੀ।
ਮੇਲੇ ਦੇ ਦੂਜੇ ਦਿਨ ਉਪ ਮੰਡਲ ਮੈਜਿਸਟ੍ਰੇਟ ਦਿੜ੍ਹਬਾ ਰਾਜੇਸ਼ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਡਾ. ਅਸ਼ਵਨੀ ਭੱਲਾ ਡਿਪਟੀ ਡਾਇਰੈਕਟਰ (ਕਾਲਜਾਂ), ਡਾ. ਪਰਮਿੰਦਰ ਸਿੰਘ ਪ੍ਰਿੰਸੀਪਲ ਸਟੇਟ ਕਾਲਜ ਪਟਿਆਲਾ ਅਤੇ ਡਾ. ਨਿਰਮਲ ਜੌੜਾ ਐਸੋਸੀਏਟ ਡਾਇਰੈਕਟਰ ਪੀ.ਆਰ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਮੇਲੇ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬੀ ਲੋਕ ਗਾਇਕ ਤੇ ਅਦਾਕਾਰ ਪੰਮੀ ਬਾਈ ਨੇ ਕਾਲਜ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨਾਲ ਜ਼ਸਨਜੀਤ ਗੋਸ਼ਾ, ਜੱਗੀ ਯੂਕੇ, ਜਸਵਿੰਦਰ ਸੁਨਾਮੀ ਅਤੇ ਜੋਗਾ ਸਿੰਘ ਸੇਖੋਂ ਵੀ ਮੌਜੂਦ ਸਨ।।
ਮੁਟਿਆਰਾਂ ਦਾ ਲੋਕ ਨਾਚ ਲੁੱਡੀ ਤੇ ਗੱਭਰੂਆਂ ਦਾ ਲੋਕ ਨਾਚ ਝੂੰਮਰ ਨੇ ਸਰੋਤੇ ਕੀਲੇ। ਨੁੱਕੜ ਨਾਟਕਾਂ ਦੀ ਪੇਸ਼ਕਾਰੀ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਭੰਡ ਦੀ ਪੇਸ਼ਕਾਰੀ ਦੌਰਾਨ ਕਲਾਕਾਰ ਵਿਦਿਆਰਥੀਆਂ ਨੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਇਸ ਤੋਂ ਇਲਾਵਾ ਪੱਛਮੀ ਸਾਜ਼, ਪੱਛਮੀ ਗਾਇਨ, ਪੱਛਮੀ ਸਮੂਹ ਗਾਇਨ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਲਘੂ ਫਿਲਮ, ਰੰਗੋਲੀ, ਕਲੇਅ ਮਾਡਲਿੰਗ, ਮੌਕੇ ’ਤੇ ਚਿੱਤਰਕਾਰੀ, ਫੋਟੋਗ੍ਰਾਫ਼ੀ ਅਤੇ ਸ਼ਾਮ ਦੇ ਸੈਸ਼ਨ ਵਿਚ ਪੋਸਟਰ ਬਣਾਉਣ, ਕਾਰਟੂਨਿੰਗ, ਕੋਲਾਜ ਬਣਾਉਣ ਆਦਿ ਦੇ ਮੁਕਾਬਲੇ ਵੀ ਹੋਏ।
ਸਰਕਾਰੀ ਰਣਬੀਰ ਕਾਲਜ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਕਾਲਜ ਪ੍ਰਿੰਸੀਪਲ ਪ੍ਰੋ. ਸੁਖਬੀਰ ਸਿੰਘ ਅਤੇ ਯੂਥ ਕੋਆਰਡੀਨੇਟਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਗੀਤ ਗਜ਼ਲ, ਸਮੂਹ ਗਾਇਨ ਭਾਰਤੀ, ਕੁਇਜ਼, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਕੁਇਜ਼, ਨਾਲਾ ਬੁਣਨਾ ਅਤੇ ਛਿੱਕੂ ਬਣਾਉਣ ਵਿੱਚ ਪਹਿਲਾ ਸਥਾਨ, ਸਮੂਹ ਸ਼ਬਦ ਗਾਇਨ, ਕਢਾਈ, ਖਿੱਦੋ ਬਣਾਉਣ, ਪਰਾਂਦਾ ਬਣਾਉਣ ਅਤੇ ਇੰਨੂੰ ਬਣਾਉਣ ਵਿੱਚ ਦੂਜਾ ਸਥਾਨ ਅਤੇ ਸ਼ਾਸ਼ਤਰੀ ਸੰਗੀਤ ਗਾਇਨ, ਪੱਖੀ ਬਣਾਉਣਾ, ਟੋਕਰੀ ਬਣਾਉਣਾ ਅਤੇ ਪੀੜ੍ਹੀ ਬੁਣਨ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।