ਬੀਰਬਲ ਰਿਸ਼ੀ
ਸ਼ੇਰਪੁਰ, 14 ਅਗਸਤ
ਲੰਪੀ ਚਮੜੀ ਰੋਗ ਦਾ ਵੱਡੀ ਗਿਣਤੀ ਸ਼ਿਕਾਰ ਹੋ ਰਹੀਆਂ ਗਊਆਂ ਮਗਰੋਂ ਹੁਣ ਕੁੱਝ ਥਾਵਾਂ ’ਤੇ ਮੱਝਾਂ ਤੇ ਬੱਕਰੀਆਂ ਵਿੱਚ ਉਕਤ ਬਿਮਾਰੀ ਦੇ ਸ਼ੱਕੀ ਕੇਸ ਆਉਣ ਨਾਲ ਲੋਕਾਂ ਦੀ ਫ਼ਿਕਰ ਵਧ ਗਈ ਹੈ। ਉੱਧਰ, ਪਿੰਡਾਂ ਵਿੱਚ ਮੁਰਦਾ ਪਸ਼ੂਆਂ ਦੀ ਵਧ ਰਹੀ ਗਿਣਤੀ ਨਾਲ ਨੱਕੋ-ਨੱਕ ਭਰੀਆਂ ਹੱਡਾਰੋੜੀਆਂ ਵਿੱਚ ਪਸ਼ੂ ਦਬਾਏ ਜਾਣ ਲਈ ਜੇਸੀਬੀ ਮਸ਼ੀਨਾਂ ਤੋਂ ਵਾਰੀ ਨਹੀਂ ਮਿਲ ਰਹੀ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਤੋਂ ਕੁੱਝ ਥਾਈਂ ਮੱਝਾਂ ਅਤੇ ਬੱਕਰੀਆਂ ਵਿੱਚ ਲੰਪੀ ਚਮੜੀ ਰੋਗ ਦੇ ਲੱਛਣ ਵਿਖਾਈ ਦੇਣ ਮਗਰੋਂ ਵਿਭਾਗ ਦੀ ਅੰਦਰੂਨੀ ਹਲਚਲ ਮਹਿਸੂਸ ਹੋ ਰਹੀ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਸੀਨੀਅਰ ਡਾਕਟਰਾਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਲੰਪੀ ਚਮੜੀ ਰੋਗ ਦੇ ਕੇਸ ਪਹਿਲਾਂ ਦੇ ਮੁਕਾਬਲੇ ਘਟਣ ਦਾ ਦਾਅਵਾ ਕੀਤਾ। ਉਨ੍ਹਾਂ ਮੱਝਾਂ ਤੇ ਬੱਕਰੀਆਂ ਅੰਦਰ ਨਵੇਂ ਆ ਰਹੇ ਸ਼ੱਕੀ ਕੇਸਾਂ ਨੂੰ ਇੱਕਾ-ਦੁੱਕਾ ਥਾਂ ’ਤੇ ਮਾਮੂਲੀ ਜਿਹੀ ਸਮੱਸਿਆ ਆਉਣ ਦੀ ਗੱਲ ਕਹਿਕੇ ਮਾਮਲੇ ਦੀ ਸੱਚਾਈ ਸਵੀਕਾਰੀ। ਉਧਰ, ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਘਨੌਰੀ ਕਲਾਂ ਵਿੱਚ ਹੱਡਾਰੋੜੀ ਵਿੱਚ ਮੁਰਦਾ ਪਸ਼ੂਆਂ ਦੀ ਗਿਣਤੀ ਵਧ ਰਹੀ ਹੈ ਪਰ ਦੋ ਦਿਨਾਂ ਤੋਂ ਤਕਬਰੀਬਨ ਦਸ ਪਸ਼ੂਆਂ ਨੂੰ ਦਬਾਇਆ ਨਹੀਂ ਗਿਆ ਜਿਸ ਕਰਕੇ ਬਿਮਾਰੀ ਫੈਲਣ ਦਾ ਖ਼ਤਰਾ ਹੈ। ਮੁਰਦਾ ਪਸ਼ੂ ਚੁੱਕਣ ਵਾਲੇ ਪਿਆਰਾ ਸਿੰਘ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ ਤੀਹ ਪਸ਼ੂ ਬਿਮਾਰੀ ਨਾਲ ਮਰ ਗਏ ਹਨ ਅਤੇ ਪਸ਼ੂ ਚੁੱਕਦੇ-ਚੁੱਕਦੇ ਉਹ ਖੁਦ ਬਿਮਾਰ ਹੋ ਗਿਆ ਹੈ। ਪਿੰਡ ਕਾਤਰੋਂ ਅਤੇ ਬੜੀ ਵਿੱਚ ਵੀ ਕਈ ਪਸ਼ੂ ਮਰਨ ਕਾਰਨ ਲੋਕਾਂ ਨੂੰ ਜੇਸੀਬੀ ਨਾਲ ਟੋਏ ਪੁਟਵਾਉਣੇ ਪਏ। ਬੀਡੀਪੀਓ ਜੁਗਰਾਜ ਸਿੰਘ ਗੁੰਮਟੀ ਨੇ ਦੱਸਿਆ ਕਿ ਘਨੌਰੀ ਕਲਾਂ ਵਿੱਚ ਟੋਏ ਪੁੱਟਣ ਲਈ ਜੇਸੀਬੀ ਨਹੀਂ ਮਿਲ ਰਹੀ ਜਿਸ ਕਰਕੇ 15 ਅਗਸਤ ਸਵੇਰ 8 ਵਜੇ ਤੱਕ ਪਸ਼ੂ ਦਬਾਏ ਜਾਣ ਲਈ ਵਿਭਾਗ ਦੇ ਸਬੰਧਤ ਮੁਲਾਜ਼ਮਾਂ ਨੂੰ ਤਾਕੀਦ ਕੀਤੀ ਗਈ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜਿਸ ਪਸ਼ੂ ਪਾਲਕ ਕਿਸਾਨ ਦਾ ਦੁਧਾਰੂ ਪਸ਼ੂ ਬਿਮਾਰੀ ਨਾਲ ਮਰ ਗਿਆ ਹੈ, ਉਸਨੂੰ ਪ੍ਰਤੀ ਪਸ਼ੂ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।