ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਨਵੰਬਰ
ਬਲਾਕ ਭਵਾਨੀਗੜ੍ਹ ਵਿੱਚ ਪਿਛਲੇ ਕਰੀਬ 12 ਸਾਲ ਤੋਂ ਕੰਮ ਕਰ ਰਹੇ ਗਰਾਮ ਰੋਜ਼ਗਾਰ ਸੇਵਕ ਦਾ ਕੰਟਰੈਕਟ ਰੱਦ ਕਰਨ ਦਾ ਮਗਨਰੇਗਾ ਕਰਮਚਾਰੀ ਯੂਨੀਅਨ ਨੇ ਗੰਭੀਰ ਨੋਟਿਸ ਲਿਆ ਹੈ। ਗਰਾਮ ਰੋਜ਼ਗਾਰ ਸੇਵਕ ਨੂੰ ਬਹਾਲ ਨਾ ਕਰਨ ’ਤੇ ਸੋਮਵਾਰ ਨੂੰ ਕੰਮਕਾਰ ਠੱਪ ਕਰ ਕੇ ਡੀ.ਸੀ. ਦਫ਼ਤਰ ਅੱਗੇ ਸਮੁੱਚੇ ਕਰਮਚਾਰੀਆਂ ਨੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਗਰਾਮ ਰੋਜ਼ਗਾਰ ਸੇਵਕ ਦੀ ਬਹਾਲੀ ਲਈ ਡਿਪਟੀ ਕਮਿਸ਼ਨਰ ਨੁੂੰ ਮਿਲਣ ਤੋਂ ਬਾਅਦ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਧੀਮਾਨ ਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੰਜੀਵ ਕਾਕੜਾ ਨੇ ਦੋਸ਼ ਲਾਇਆ ਕਿ ਗਰਾਮ ਰੋਜ਼ਗਾਰ ਸੇਵਕ ਜਸਪ੍ਰੀਤ ਸਿੰਘ ਪਿਛਲੇ 12 ਸਾਲਾਂ ਤੋਂ ਤਨਦੇਹੀ ਨਾਲ ਕੰਮ ਕਰ ਰਿਹਾ ਸੀ ਜਿਸ ਦਾ ਕੰਟਰੈਕਟ ਬਦਲਾ ਲਊ ਨੀਤੀ ਤਹਿਤ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਰੇਗਾ ਕਰਮਚਾਰੀਆਂ ਉੱਪਰ ਕੰਮ ਦਾ ਭਾਰੀ ਬੋਝ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਸਿੰਘ ਛੁੱਟੀ ਮਨਜ਼ੂਰ ਕਰਵਾ ਕੇ ਹੀ ਛੁੱਟੀ ’ਤੇ ਗਿਆ ਸੀ। ਉਸ ਨੂੰ ਕੋਈ ਵੀ ਅਗਾਊਂ ਸੂਚਨਾ ਕਿਸੇ ਚੈਕਿੰਗ ਸਬੰਧੀ ਨਹੀਂ ਦਿੱਤੀ ਗਈ ਸੀ। ਚੈਕਿੰਗ ਦੌਰਾਨ ਵੀ ਕੋਈ ਬਹੁਤ ਵੱਡੀ ਗ਼ਲਤੀ ਨਹੀਂ ਪਾਈ ਗਈ। ਇਸ ਸਬੰਧੀ ਹੈੱਡਕੁਆਰਟਰ ਮੁਹਾਲੀ ਵਿੱਚ ਮੁਲਾਜ਼ਮ ਨੂੰ ਬੁਲਾਇਆ ਗਿਆ ਜਿਸ ਵਿੱਚ ਮੁਲਾਜ਼ਮ ਨੇ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕੀਤਾ। ਇਸ ਤੋਂ ਬਾਅਦ ਦੁਬਾਰਾ ਜਸਪ੍ਰੀਤ ਸਿੰਘ ਤੋਂ ਲਿਖਤੀ ਜਵਾਬ ਮੰਗਿਆ ਗਿਆ ਜਿਸ ਵਿੱਚ ਜਸਪ੍ਰੀਤ ਸਿੰਘ ਨੇ ਮਨਜ਼ੂਰ ਕਰਵਾਈ ਛੁੱਟੀ, ਦਫਤਰੀ ਹਾਜ਼ਰੀ ਰਜਿਸਟਰ ਦੀ ਕਾਪੀ, ਚੈਕਿੰਗ ਦੌਰਾਨ ਲਾਈ ਗਈ ਹਾਜ਼ਰੀ ਦਾ ਮਸਟਰੋਲ ਆਦਿ ਦਸਤਾਵੇਜ਼ ਸਬੂਤ ਵਜੋਂ ਪੇਸ਼ ਕੀਤੇ। ਫਿਰ ਵੀ ਮੁਲਾਜ਼ਮ ਦਾ ਕੰਟਰੈਕਟ ਰੱਦ ਕਰ ਦਿੱਤਾ ਗਿਆ ਜੋ ਸਰਾਸਰ ਬੇਇਨਸਾਫੀ ਹੈ।
ਉਨ੍ਹਾਂ ਦੱਸਿਆ ਕਿ ਯੂਨੀਅਨ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਸੀ ਜਿਨ੍ਹਾਂ ਨੇ ਮੁੱਖ ਦਫ਼ਤਰ ਵੱਲੋਂ ਲਿਖਤੀ ਹੁਕਮ ਆਉਣ ਮਗਰੋਂ ਹੀ ਨੌਕਰੀ ’ਤੇ ਮੁੜ ਬਹਾਲ ਕਰਨ ਲਈ ਆਖਿਆ ਹੈ।
ਉਨ੍ਹਾਂ ਐਲਾਨ ਕੀਤਾ ਕਿ ਸੋਮਵਾਰ ਤੋਂ ਜ਼ਿਲ੍ਹਾ ਪੱਧਰ ’ਤੇ ਹੜਤਾਲ ਕਰਕੇ ਨਰੇਗਾ ਤਹਿਤ ਹੋਣ ਵਾਲੇ ਵਿਕਾਸ ਕਾਰਜਾਂ ਦਾ ਬਾਈਕਾਟ ਇਸ ਮੌਕੇ ਸੂਬਾ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਬਿੱਕਰ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ, ਸੁਖਜਿੰਦਰ ਪਾਲ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।