ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਅਪਰੈਲ
ਇੱਥੋਂ ਦੇ ਨੇੜਲੇ ਪਿੰਡ ਮਹਿਲਾਂ ਚੌਕ ਵਿੱਚ ਬੀਤੇ ਦਿਨੀਂ ਸਕੂਲੀ ਵਿਦਿਆਰਥਣ ਦੇ ਬੱਸ ਥੱਲੇ ਆ ਜਾਣ ਕਾਰਨ ਹੋਈ ਮੌਤ ਅਤੇ ਜ਼ਖਮੀ ਹੋਈਆਂ ਵਿਦਿਆਰਥਣਾਂ ਨੂੰ ਇਨਸਾਫ ਦਿਵਾਉਣ ਖਾਤਰ ਛਿੜਿਆ ਸੰਘਰਸ਼ ਅੱਜ ਪ੍ਰਸ਼ਾਸਨ ਵੱਲੋਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਪ੍ਰਸਾਸ਼ਨ ਨੂੰ ਪਹਿਲਾਂ ਤੋਂ ਦਿੱਤੇ ਅਲਟੀਮੇਟਮ ਅਨੁਸਾਰ ਮਹਿਲਾਂ ਚੌਕ ਐਕਸੀਡੈਂਟ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਾ ਲਏ ਜਾਣ ਤੋਂ ਬਾਅਦ ਰੋਹ ਵਿੱਚ ਆਉਂਦਿਆਂ ਦਿੱਲੀ-ਲੁਧਿਆਣਾ ਅਤੇ ਸੁਨਾਮ-ਪਟਿਆਲਾ ਮੁੱਖ ਮਾਰਗਾਂ ਨੂੰ ਮੁਕੰਮਲ ਰੂਪ ਵਿੱਚ ਬੰਦ ਕਰਕੇ ਸੰਘਰਸ਼ ਆਰੰਭ ਦਿੱਤਾ ਜਿਸ ਨਾਲ ਸੈਂਕੜੇ ਵਾਹਨਾਂ ਨੂੰ ਰੋਡ ਉੱਤੇ ਹੀ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ’ਚ ਆਉਂਦਿਆਂ ਜਥੇਬੰਦੀ ਦੀਆਂ ਮੰਗਾਂ ਮੰਨ ਲਈਆਂ ਅਤੇ ਪ੍ਰਦਰਸ਼ਨ ਸਮਾਪਤ ਕਰਵਾ ਦਿੱਤਾ।
ਧਰਨੇ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਉਗਰਾਹਾਂ) ਦੇ ਹਰਜੀਤ ਸਿੰਘ ਬੀਕੇਯੂ (ਸਿੱਧੂਪੁਰ) ਦੇ ਮਦਨ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਜਗਸੀਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾਈ ਸਕੱਤਰ ਲਖਵੀਰ ਸਿੰਘ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਧਰਮਪਾਲ ਸਿੰਘ ਨਮੋਲ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਅਦਾਰਾ ਤਰਕਸ਼ ਦੇ ਗੁਰਸੇਵਕ ਸਿੰਘ ਅਤੇ ਡੈਮੋਕ੍ਰੇਟਿਕ ਸਟੂਡੈਂਟਸ ਰਗੇਨਾਈਜੇਸ਼ਨ ਦੇ ਗੁਰਵਿੰਦਰ ਸਿੰਘ ਤੇ ਰਣ ਸਿੰਘ ਮਹਿਲਾਂ ਨੇ ਕਿਹਾ ਕਿ ਅੱਜ ਦਿੱਲੀ ਹਾਈਵੇਅ ਅਤੇ ਪਟਿਆਲਾ-ਸੁਨਾਮ ਪੂਰੀ ਤਰ੍ਹਾਂ ਜਾਮ ਕਰਨ ਦਾ ਹੀ ਨਤੀਜਾ ਹੈ ਕਿ ਸੰਘਰਸ਼ ਜੇਤੂ ਹੋ ਨਿੱਬੜਿਆ।
ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਦੋ ਲੱਖ ਰੁਪਏ ਦਾ ਚੈੱਕ ਦੇ ਦਿੱਤਾ ਗਿਆ ਹੈ ਜਦੋਂ ਕਿ ਪੀੜਤ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਲਈ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਉੱਤੇ ਭੇਜ ਦਿੱਤਾ ਗਿਆ ਹੈ, ਇਸਤੋਂ ਇਲਾਵਾ ਹੋਰ ਪੀੜਤ ਪਰਿਵਾਰਾਂ ਵੱਲੋਂ ਪੰਦਰਾਂ ਲੱਖ ਰੁਪਏ ਮੁਆਵਜ਼ੇ ਦੀ ਮੰਗ ਪ੍ਰਸ਼ਾਸਨ ਵੱਲੋਂ ਕਮੇਟੀ ਨੂੰ ਲਿਖਤੀ ਦਿੱਤਾ ਅਤੇ ਫਲਾਈ ਓਵਰ ਬਣਾਉਣ ਸਬੰਧੀ ਵੀ ਲਿਖਤੀ ਭਰੋਸਾ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ’ਚ ਮੰਗਾਂ ਮੰਨਣ ਉਪਰੰਤ ਅਣਮਿੱਥੇ ਸਮੇਂ ਲਈ ਲਗਾਏ ਚੱਕਾ ਜਾਮ ਦੀ ਸਮਾਪਤੀ ਜ਼ੋਰਦਾਰ ਨਾਅਰਿਆਂ ਦੇ ਨਾਲ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾਈ ਆਗੂ ਪਰਗਟ ਸਿੰਘ ਕਾਲਾਝਾੜ ਨੇ ਨਿਭਾਈ।