ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਜੁਲਾਈ
ਥਾਣਾ ਧਰਮਗੜ੍ਹ ਅਧੀਨ ਪੈਂਦੇ ਪਿੰਡ ਮੈਦੇਵਾਸ ਵਿੱਚ ਇੱਕ ਵਿਅਕਤੀ ਦੇ ਹੋਏ ਕਤਲ ਦੇ 24 ਘੰਟਿਆਂ ਦੇ ਅੰਦਰ ਪੁਲੀਸ ਵਲੋਂ ਛੇ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਗਿਆ ਹੈ। ਵਾਰਦਾਤ ਸਮੇਂ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਕਤਲ ਕੇਸ ’ਚ ਲੋੜੀਂਦੇ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਤੀ 16 ਜੁਲਾਈ ਨੂੰ ਬਲਵੀਰ ਕੌਰ ਵਾਸੀ ਮੈਦੇਵਾਸ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਪਤੀ ਰਾਜਵਿੰਦਰ ਸਿੰਘ ਉਰਫ਼ ਰਾਜੂ (ਪੰਚ) ਅਤੇ ਦਿਉਰ ’ਤੇ ਉਨ੍ਹਾਂ ਦੇ ਗੁਆਂਢੀ ਗੁਰਤੇਜ ਸਿੰਘ, ਕੁਲਵਿੰਦਰ ਸਿੰਘ ਉਰਫ਼ ਸਨੀ, ਗੁਰਵਿੰਦਰ ਸਿੰਘ ਵਾਸੀਆਨ ਮੈਦੇਵਾਸ, ਹੈਪੀ ਤੇ ਬੰਟੀ ਵਾਸੀ ਧੂਰਾ ਅਤੇ 5, 6 ਅਣਪਛਾਤੇ ਵਿਅਕਤੀਆਂ ਨੇ ਕਿਰਪਾਨਾਂ , ਕਿਰਚ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ਸੁਨਾਮ ਲੈਜਾਂਦਿਆਂ ਰਸਤੇ ਵਿਚ ਉਸ ਦੇ ਪਤੀ ਰਾਜਵਿੰਦਰ ਸਿੰਘ ਉਰਫ਼ ਰਾਜੂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਦੋਵੇਂ ਧਿਰਾਂ ਦੇ ਘਰ ਦੇ ਬਾਹਰ ਜਾਣ ਵਾਲੀ ਫ਼ਿਰਨੀ ’ਤੇ ਵਾਹਨ ਖੜ੍ਹਾਉਣ ਸਬੰਧੀ ਬਹਿਸਬਾਜ਼ੀ ਹੋਈ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐੱਸਪੀ ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਦਿੜ੍ਹਬਾ ਪ੍ਰਿਥੀ ਸਿੰਘ ਚਹਿਲ, ਸੀਆਈਏ ਇੰਚਾਰਜ ਅਮਰੀਕ ਸਿੰਘ ਅਤੇ ਥਾਣਾ ਧਰਮਗੜ੍ਹ ਮੁਖੀ ਕਮਲਦੀਪ ਸਿੰਘ ਨੇ ਟੀਮਾਂ ਬਣਾ ਕੇ ਕਾਰਵਾਈ ਕਰਦਿਆਂ ਕੁਲਵਿੰਦਰ ਸਿੰਘ ਉਰਫ਼ ਸਨੀ, ਬਲਕਾਰ ਸਿੰਘ ਉਰਫ਼ ਬੰਟੂ, ਜਗਸੀਰ ਸਿੰਘ ਉਰਫ ਸੀਰਾ, ਗੁਰਤੇਜ ਸਿੰਘ ਅਤੇ ਹੈਪੀ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੀ ਪੁੱਛਗਿੱਛ ’ਤੇ ਗੁਰਸੇਵਕ ਸਿੰਘ ਉਰਫ਼ ਕਰਨ ਵਾਸੀ ਕੰਧਾਰਗੜ੍ਹ ਛੰਨਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ। ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਗੁਰਵਿੰਦਰ ਸਿੰਘ ਵਾਸੀ ਮੈਦੇਵਾਸ ਦੀ ਗ੍ਰਿਫ਼ਤਾਰੀ ਬਾਕੀ ਹੈ।