ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 8 ਨਵੰਬਰ
ਜ਼ਿਲ੍ਹਾ ਪ੍ਰਸ਼ਾਸਨ ਮਾਲੇਰਕੋਟਲਾ ਦੇ ਜ਼ਿਲ੍ਹੇ ’ਚ ਵਿਕ ਚੁੱਕੇ ਝੋਨੇ ਦੀ ਚੁਕਾਈ ਦੇ ਅੰਕੜਿਆਂ ਤੋਂ ਤਾਂ ਇਹ ਜਾਪਦਾ ਹੈ ਕਿ ਜ਼ਿਲ੍ਹੇ ਵਿੱਚ ਵਿਕ ਚੁੱਕੇ ਝੋਨੇ ਦੀ ਚੁਕਾਈ ਦਾ ਕੰਮ ਠੀਕ-ਠਾਕ ਚੱਲ ਰਿਹਾ ਹੈ ਪਰ ਮਾਲੇਰਕੋਟਲਾ ਦਾਣਾ ਮੰਡੀ ਸਮੇਤ ਮਾਰਕੀਟ ਕਮੇਟੀ ਮਾਲੇਰਕੋਟਲਾ ਅਧੀਨ ਪੈਂਦੇ ਕਰੀਬ ਅੱਧੀ ਦਰਜਨ ਖ਼ਰੀਦ ਕੇਂਦਰਾਂ ’ਚ ਵਿਕ ਚੁੱਕੇ ਝੋਨੇ ਦੀਆਂ ਲੱਖਾ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਜਿਸ ਕਾਰਨ ਆੜ੍ਹਤੀਏ ਅਤੇ ਕਿਸਾਨ ਪ੍ਰੇਸ਼ਾਨ ਹਨ। ਮਾਲੇਰਕੋਟਲਾ ਦਾਣਾ ਮੰਡੀ ਸਮੇਤ ਖਾਨਪੁਰ, ਨਾਰੀਕੇ ਕਲਾਂ, ਸਰਵਰਪੁਰ, ਮਦੇਵੀ,ਲਸੋਈ, ਬਿੰਜੋਕੀ ਕਲਾਂ , ਮਦੇਵੀ ਆਦਿ ਖ਼ਰੀਦ ਕੇਂਦਰਾਂ ’ਚ ਵਿਕ ਚੁੱਕੇ ਝੋਨੇ ਦੀ ਚੁਕਾਈ ਬੜੀ ਹੀ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ। ਕਿਸਾਨਾਂ ਨੂੰ ਮੰਡੀ ’ਚ ਝੋਨੇ ਦੀ ਢੇਰੀ ਲਾਉਣ ਲਈ ਜਗ੍ਹਾ ਨਹੀਂ ਮਿਲ ਰਹੀ। ਝੋਨੇ ਦੀ ਕਟਾਈ ਜ਼ੋਰਾਂ ’ਤੇ ਹੈ। ਕਿਸਾਨ ਮੌਸਮ ਦੇ ਡਰੋਂ ਆਪਣੀ ਝੋਨੇ ਦੀ ਫ਼ਸਲ ਨੂੰ ਸਮੇਂ ਸਿਰ ਨਿਪਟਾ ਕੇ ਕਣਕ ਦੀ ਸਮੇਂ ਸਿਰ ਬਿਜਾਈ ਕਰਨਾ ਚਾਹੁੰਦੇ ਹਨ ਪਰ ਮੰਡੀਆਂ ’ਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਉਨ੍ਹਾਂ ਦੀ ਹੋ ਰਹੀ ਖੱਜਲਖੁਆਰੀ ਤੋਂ ਜਾਪਦਾ ਹੈ ਕਿ ਉਨ੍ਹਾਂ ਦੀ ਕਣਕ ਦੀ ਬਿਜਾਈ ਵੀ ਪਛੜ ਜਾਵੇਗੀ। ਖ਼ਰੀਦ ਕੇਂਦਰ ਨਾਰੀਕੇ ਕਲਾਂ ’ਚ ਆੜ੍ਹਤ ਦਾ ਕੰਮ ਕਰਦੇ ਮਾਸਟਰ ਕਰਨੈਲ ਸਿੰਘ ਨਾਰੀਕੇ, ਭਗਵੰਤ ਸਿੰਘ, ਚੇਤਨ ਕੁਮਾਰ ਨੇ ਦੱਸਿਆ ਕਿ ਉਕਤ ਖ਼ਰੀਦ ਕੇਂਦਰ ’ਚੋ ਮਸਾਂ ਦਸ-ਪੰਦਰਾਂ ਫ਼ੀਸਦੀ ਝੋਨਾ ਚੁੱਕਿਆ ਗਿਆ ਹੈ। ਖ਼ਰੀਦ ਕੇਂਦਰ ’ਚ ਕਰੀਬ ਇੱਕ ਲੱਖ ਬੋਰੀ ਚੁਕਾਈ ਦੀ ਉਡੀਕ ’ਚ ਹੈ। ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਨੂੰ ਪੱਲਿਓਂ ਪੈਸੇ ਖ਼ਰਚ ਕਰਕੇ ਵਿਕ ਚੁੱਕੇ ਝੋਨੇ ਦੀਆਂ ਬੋਰੀਆਂ ਦੇ ਚੱਕੇ ਲਗਵਾ ਕੇ ਕਿਸਾਨਾਂ ਦੀ ਫ਼ਸਲ ਢੇਰੀ ਕਰਨ ਲਈ ਜਗ੍ਹਾ ਬਣਵਾਉਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ 27 ਅਕਤੂਬਰ ਤੋਂ ਬਾਅਦ ਵਿਕ ਚੁੱਕੇ ਝੋਨੇ ਦੀ ਅਦਾਇਗੀ ਵੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਵਿਕ ਚੁੱਕੇ ਝੋਨੇ ਦੇ ਨਾ ਚੁੱਕੇ ਜਾਣ ਕਾਰਨ ਚੱਕਿਆਂ ’ਚ ਪਏ ਝੋਨੇ ਦਾ ਵਜ਼ਨ ਘਟ ਜਾਣਾ ਹੈ, ਜਿਸ ਦੀ ਭਰਪਾਈ ਆੜ੍ਹਤੀਏ ਨੂੰ ਕਰਨੀ ਪੈਣੀ ਹੈ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਝੱਲਣਾ ਪਵੇਗਾ। ਖ਼ਰੀਦ ਕੇਂਦਰ ਲਸੋਈ ਦੇ ਆੜ੍ਹਤੀਏ ਹਰਪਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਚੁਕਾਈ ਦਾ ਕੰਮ ਬਹੁਤ ਮੱਠਾ ਚੱਲ ਰਿਹਾ ਹੈ। ਸਰਵਰਪੁਰ ਖ਼ਰੀਦ ਕੇਂਦਰ ਦੇ ਆੜ੍ਹਤੀਏ ਮੱਘਰ ਸਿੰਘ ਨੇ ਦੱਸਿਆ ਕਿ ਖ਼ਰੀਦ ਕੇਂਦਰ ’ਚ ਕਰੀਬ 20 ਹਜ਼ਾਰ ਬੋਰੀ ਚੁਕਾਈ ਦੀ ਉਡੀਕ ‘ਚ ਹੈ। ਇਸੇ ਤਰ੍ਹਾਂ ਖ਼ਰੀਦ ਕੇਂਦਰ ਬਿੰਜੋਕੀ ਕਲਾਂ ’ਚ ਕਰੀਬ 25 ਹਜ਼ਾਰ, ਖ਼ਾਨਪੁਰ ਵਿੱਚ ਕਰੀਬ 25 ਹਜ਼ਾਰ ਅਤੇ ਹਥਨ, ਸੱਦੋਪੁਰ ,ਮਦੇਵੀ, ਹੁਸੈਨਪੁਰਾ ਖ਼ਰੀਦ ਕੇਂਦਰਾਂ ’ਚ ਲੱਖਾਂ ਬੋਰੀਆਂ ਚੱਕਿਆਂ ਜਾਂ ਫੜ੍ਹਾਂ ’ਤੇ ਪਈਆਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਤੇ ਬਲਾਕ ਪ੍ਰਧਾਨ ਮਾਨ ਸਿੰਘ ਸੱਦੋਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਵਿਕ ਚੁੱਕੇ ਝੋਨੇ ਦੀ ਚੁਕਾਈ ਲਈ ਸਥਾਨਕ ਪੱਧਰ ’ਤੇ ਕਿਸੇ ਧਿਰ ਵੱਲੋਂ ਅੜਿੱਕਾ ਡਾਹਿਆ ਜਾ ਰਿਹਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਝੋਨੇ ਦੀ ਚੁਕਾਈ ਲਈ ਤੁਰੰਤ ਆਰ.ਓ. ਰਿਲੀਜ਼ ਆਰਡਰ ਕਟਾਏ ਜਾਣ ਤਾਂ ਜੋ ਮਾਲੇਰਕੋਟਲਾ ਮੰਡੀ ਅਤੇ ਉਕਤ ਖ਼ਰੀਦ ਕੇਂਦਰਾਂ ’ਚੋਂ ਵਿਕ ਚੁੱਕਿਆ ਝੋਨਾ ਚੁੱਕਿਆ ਜਾ ਸਕੇ।
ਝੋਨਾ ਨਾ ਵਿਕਣ ਕਾਰਨ ਮੰਡੀਆਂ ਵਿੱਚ ਰੁਲ ਰਿਹੈ ਕਿਸਾਨ
ਧੂਰੀ (ਪਵਨ ਕੁਮਾਰ ਵਰਮਾ):
ਫਸਲ ਦੀ ਵਿਕਰੀ ਤੇ ਲਿਫਟਿੰਗ ਦੇ ਸਰਕਾਰ ਵੱਲੋਂ ਕੀਤੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਇਸ ਵਾਰ ਦੀ ਦੀਵਾਲੀ ਮੰਡੀਆਂ ਵਿੱਚ ਹੀ ਮਨਾਈ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਸਰਦਾਰ ਸੁਖਵਿੰਦਰ ਸਿੰਘ ਪੇਧਨੀ ਅਤੇ ਕੁਲਵਿੰਦਰ ਸਿੰਘ ਪੇਧਨੀ ਨੇ ਕਿਹਾ ਕਿ 1 ਅਕਤੂਬਰ ਤੋਂ ਸਰਕਾਰੀ ਖਰੀਦ ਹੋਣ ਦੇ ਬਾਵਜੂਦ ਵੀ ਪੰਜਾਬ ਦੀ ‘ਆਪ’ ਸਰਕਾਰ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਨਹੀਂ ਚਲਾ ਸਕੀ। ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ, ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅਜਿਹੀ ਦੁਰਦਸ਼ਾ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। 17% ਨਮੀ ਵਾਲਾ ਝੋਨਾ ਵੀ ਮੰਡੀਆਂ ਵਿੱਚ ਨਹੀਂ ਖਰੀਦਿਆ ਜਾ ਰਿਹਾ। ਕਿਸਾਨ ਮੰਡੀਆਂ ਵਿੱਚ 10 ਦਿਨਾਂ ਤੋਂ ਬੈਠੇ ਹਨ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸੈਟੇਲਾਈਟ ਸਿਸਟਮ ਰਾਹੀਂ ਕਿਸਾਨਾਂ ਦੀ ਪਰਾਲੀ ਨੂੰ ਲੱਗੀ ਅੱਗ ਤਾਂ ਦਿਸ ਰਹੀ ਹੈ ਪਰੰਤੂ ਮੰਡੀਆਂ ਵਿੱਚ ਕਿਸਾਨ ਖੱਜਲ ਖੁਆਰ ਹੁੰਦੇ ਨਹੀਂ ਦਿਸ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸਮਾਂ ਹੈ, ਡੀ ਏ ਪੀ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ। ਦੁਕਾਨਦਾਰ ਕਿਸਾਨਾਂ ਨੂੰ ਇੱਕ ਬੋਰੀ ਡੀਏਪੀ ਨਾਲ 1000 ਤੋਂ 1200 ਦਾ ਬੇਲੋੜਾ ਸਾਮਾਨ ਮੜ੍ਹ ਰਹੇ ਹਨ। ਜੇਕਰ ਕੋਈ ਕਿਸਾਨ ਇਹ ਸਮਾਨ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ ਡੀਏਪੀ ਖਾਦ ਤੋਂ ਕੋਰਾ ਜਵਾਬ ਮਿਲਦਾ ਹੈ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੰਡੀਆ ਦੇ ਵਿੱਚੋਂ ਜਲਦ ਵਿਹਲਾ ਕੀਤਾ ਜਾਵੇ ਅਤੇ ਡੀਏਪੀ ਖਾਦ ਦੀ ਕਾਲਾਬਜ਼ਾਰੀ ਖਤਮ ਕੀਤੀ ਜਾਵੇ।