ਪੱਤਰ ਪ੍ਰੇਰਕ
ਅਮਰਗੜ੍ਹ, 4 ਨਵੰਬਰ
ਅੱਜ ਇੱਥੇ ਕੋਵਿਡ- 19 ਨਾਲ ਇੱਕ ਹੋਰ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਗਿਆਰਾਂ ਹੋ ਗਈ ਹੈ। ਸਿਹਤ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਸ਼ੂਗਰ ਤੋਂ ਪੀੜਤ 58 ਸਾਲਾ ਵਿਅਕਤੀ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ, ਜਿਸਨੂੰ ਪਹਿਲਾਂ ਸਿਵਲ ਹਸਪਤਾਲ ਮਾਲੇਰਕੋਟਲਾ ਤੇ ਫਿਰ ਰਾਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾਇਆ ਗਿਆ। ਕਮਿਊਨਿਟੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਜਿਸ ਵਿੱਚ ਡਾ. ਜਤਿੰਦਰਪਾਲ, ਰਣਬੀਰ ਸਿੰਘ ਢੰਡੇ, ਜਗਤਾਰ ਸਿੰਘ ਸਿੱਧੂ, ਹਰਜਿੰਦਰ ਸਿੰਘ ਤੇ ਕਰਮਜੀਤ ਸਿੰਘ ਆਦਿ ਨੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਅਤੇ ਸੰਪਰਕ ਵਿੱਚ ਆਉਣ ਵਾਲੇ ਮੈਂਬਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਕੋਵਿਡ ਸੈਂਪਲਿੰਗ ਦਾ ਅੰਕੜਾ ਹੋਇਆ 2 ਲੱਖ ਤੋਂ ਪਾਰ
ਪਟਿਆਲਾ: ਜ਼ਿਲ੍ਹੇ ਵਿੱਚ ਅੱਡ 36 ਕੋਵਿਡ- 19 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਪਰ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 12925 ਹੋ ਗਈ ਹੈ। ‘ਮਿਸ਼ਨ ਫਤਿਹ’ ਤਹਿਤ ਅੱਜ 15 ਹੋਰ ਮਰੀਜ਼ ਠੀਕ ਹੋ ਗਏ ਹਨ ਜਿਸ ਨਾਲ ਕੋਵਿਡ- 19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 12255 ਹੋ ਗਈ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 288 ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 95 ਫ਼ੀਸਦੀ ਦੇ ਕਰੀਬ ਕੋਵਿਡ- 19 ਪਾਜ਼ੇਟਿਵ ਮਰੀਜ਼ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਮਰੀਜ਼ ਸਿਹਤਯਾਬੀ ਵੱਲ ਹਨ। ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,00,209 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ 12,925 ਕੋਵਿਡ- 19 ਪਾਜ਼ੇਟਿਵ ਅਤੇ 1,85,904 ਨੈਗੇਟਿਵ ਅਤੇ 980 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
-ਖੇਤਰੀ ਪ੍ਰਤੀਨਿਧ