ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਸਣੇ ਐੱਸਸੀ/ਐੱਸਟੀ ਐਕਟ ਤਹਿਤ ਦਰਜ ਕੇਸ ’ਚ ਪੁਲੀਸ ਨੂੰ ਲੋੜੀਂਦੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਨੂੰ ਕਰੀਬ 24 ਦਿਨਾਂ ਮਗਰੋਂ ਅੱਜ ਵੱਡਾ ਇਕੱਠ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ। ਜਥੇਬੰਦੀ ਵੱਲੋਂ ਅੱਜ ਸਥਾਨਕ ਅਨਾਜ ਮੰਡੀ ’ਚ ਵੱਡੀ ਰੈਲੀ ਕੀਤੀ ਗਈ, ਜਿਸ ਤੋਂ ਬਾਅਦ ਸੈਂਕੜੇ ਕਿਸਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਵੱਖ-ਵੱਖ ਵਾਹਨਾਂ ’ਤੇ ਸਵਾਰ ਹੋ ਕੇ ਕਾਫਲੇ ਦੇ ਰੂਪ ਵਿੱਚ ਐੱਸਐੱਸਪੀ ਦਫ਼ਤਰ ਅੱਗੇ ਪੁੱਜੇ, ਜਿਥੇ ਸੰਗਰੂਰ-ਬਰਨਾਲਾ ਸੜਕ ਉਪਰ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਕੇਸ ਵਿਚ ਨਾਮਜ਼ਦ ਬਲਾਕ ਆਗੂ ਜਗਤਾਰ ਸਿੰਘ ਲੱਡੀ ਭਾਵੇਂ ਮੌਜੂਦ ਸੀ ਪਰ ਉਸ ਨੂੰ ਪੁਲੀਸ ਕੋਲ ਪੇਸ਼ ਨਹੀਂ ਕੀਤਾ ਗਿਆ।
ਐੱਸਐੱਸਪੀ ਦਫ਼ਤਰ ਅੱਗੇ ਭਰਵੇਂ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮਨਜੀਤ ਸਿੰਘ ਘਰਾਚੋਂ ਨੇ ਜੋ ਨੌਜਵਾਨਾਂ ਦੀ ਕੁੱਟਮਾਰ ਕੀਤੀ ਹੈ, ਉਸ ਨੂੰ ਅਸੀਂ ਗਲਤ ਮੰਨਦੇ ਹਾਂ ਪਰ ਕੇਸ ਵਿਚ ਐੱਸਸੀ/ਐੱਸਟੀ ਐਕਟ ਲਗਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕੁੱਟਮਾਰ ਦੀ ਵੀਡੀਓ ਵੇਖੀ ਹੈ, ਜਿਸ ਵਿਚ ਮਨਜੀਤ ਸਿੰਘ ਘਰਾਚੋਂ ਨੌਜਵਾਨਾਂ ਨੂੰ ਜਾਤੀ ਤੌਰ ’ਤੇ ਅਪਸ਼ਬਦ ਨਹੀਂ ਬੋਲ ਰਿਹਾ ਅਤੇ ਨਾ ਹੀ ਉਸ ਨੂੰ ਪਤਾ ਸੀ ਕਿ ਇਹ ਨੌਜਵਾਨ ਕਿਸ ਜਾਤ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਜਦੋਂ ਮਨਜੀਤ ਨੂੰ ਪਤਾ ਲੱਗਿਆ ਕਿ ਉਕਤ ਨੌਜਵਾਨਾਂ ਨੇ ਉਸ ਦੇ ਲੜਕੇ ਰਾਜਵੀਰ ਸਿੰਘ ਉਪਰ ਹਮਲਾ ਕੀਤਾ ਹੈ ਤਾਂ ਇੱਕ ਪਿਤਾ ਵਜੋਂ ਉਸਦਾ ਰੋਹ ਵਿਚ ਆਉਣਾ ਸੁਭਾਵਿਕ ਸੀ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਲੱਡੀ ਦਾ ਘਟਨਾ ਨਾਲ ਕੋਈ ਸਬੰਧ ਨਹੀਂ ਹੈ ਪਰ ਪੁਲੀਸ ਨੇ ਰੰਜਿਸ਼ ਤਹਿਤ ਲੱਡੀ ਨੂੰ ਕੇਸ ਵਿਚ ਨਾਮਜ਼ਦ ਕੀਤਾ ਅਤੇ ਕੇਸ ’ਚ ਐੱਸਸੀ/ਐੱਸਟੀ ਐਕਟ ਲਗਾਇਆ, ਜਿਸਦੇ ਖ਼ਿਲਾਫ਼ ਅਸੀਂ ਲੜਾਈ ਲੜਾਂਗੇ।
ਬੀਕੇਯੂ (ਏਕਤ-ਡਕੌਂਦਾ) ਵੱਲੋਂ ਘਰਾਚੋਂ ਮਾਮਲੇ ’ਚ ਕਾਰਵਾਈ ਦੀ ਮੰਗ
ਚੰਡੀਗੜ੍ਹ (ਟਨਸ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਮੰਗ ਕੀਤੀ ਕਿ ਘਰਾਚੋਂ ਵਿਚ ਵਾਪਰੀ ਮੰਦਭਾਗੀ ਘਟਨਾ ਸਬੰਧੀ ਬਿਨਾਂ ਕਿਸੇ ਦੇਰੀ ਤੋਂ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਐੱਸਸੀ, ਐੱਸਟੀ ਐਕਟ ਦੀਆਂ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇ।