ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਚਾਰ ਵਰ੍ਹੇ ਪਹਿਲਾਂ ਆਸਟਰੇਲੀਆ ਵਿੱਚ ਨਸਲੀ ਹਿੰਸਾ ’ਚ ਆਪਣੀ ਜਾਨ ਗੁਆਉਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦੇ ਨੌਜਵਾਨ ਮਨਮੀਤ ਦੀਆਂ ਲਿਖੀਆਂ ਰਚਨਾਵਾਂ ਦੀ ਪੁਸਤਕ ‘ਅੱਧਵਾਟੇ ਸਫ਼ਰ ਦੀ ਸਿਰਜਣਾ’ ਨੂੰ ਪਦਮਸ੍ਰੀ ਸੁਰਜੀਤ ਪਾਤਰ, ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ, ਨਾਮਵਰ ਪੰਜਾਬੀ ਗਾਇਕ ਹਰਫ਼ ਚੀਮਾ ਆਦਿ ਵੱਲੋਂ ਇਕ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ।
ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਚੜ੍ਹਦੀ ਉਮਰੇ ਅੰਬਰੋਂ ਟੁੱਟੇ ਤਾਰੇ ਮਨਮੀਤ ਅਲੀਸ਼ੇਰ ਦੀਆਂ ਯਾਦਾਂ ਨੂੰ ਚਿਰੰਜੀਵ ਰੱਖਣ ਲਈ ਉਸਦੀਆਂ ਲਿਖਤਾਂ ਨੂੰ ਕਿਤਾਬ ਦੀ ਸ਼ਕਲ ਦਿੱਤੀ ਗਈ ਹੈ, ਉਹ ਮਨਮੀਤ ਦੇ ਚਾਹੁਣ ਵਾਲਿਆਂ ਤੇ ਪਰਿਵਾਰ ਵਿਚਾਲੇ ਉਸਦੀ ਕਮੀ ਨੂੰ ਲੈ ਕੇ ਪੈਦਾ ਹੋਏ ਖਲਾਅ ਨੂੰ ਪੂਰਨ ਦੀ ਇੱਕ ਸਫ਼ਲ ਕੋਸ਼ਿਸ਼ ਹੈ। ਗਾਇਕ ਕੰਵਰ ਗਰੇਵਾਲ ਨੇ ਆਸਟਰੇਲੀਆ ਵਿੱਚ ਮਨਮੀਤ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦਿਆਂ, ਮਨਮੀਤ ਦਾ ਲਿਖਿਆ ਗੀਤ ‘ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਹਾਂ, ਟੌਹਰ ਨਾਲ ਜ਼ਿੰਦਗੀ ਜਿਉਣ ਜੋਗੇ ਹੋਗੇ ਆਂ।’ ਗਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿਤਾ। ਸਮਾਗਮ ਦੌਰਾਨ ਕਿਤਾਬ ਦੇ ਸੰਪਾਦਕਾਂ ਸਤਪਾਲ ਭੀਖੀ, ਡਾ. ਸੁਮੀਤ ਸ਼ੰਮੀ ਤੋਂ ਇਲਾਵਾ ਡਾ. ਨਰਵਿੰਦਰ ਕੌਸ਼ਲ, ਰਿਟਾ. ਡੀਨ ਕੁਰੂਕੂਸ਼ੇਤਰ ਯੂਨੀਵਰਸਿਟੀ, ਚਰਨਜੀਤ ਸਿੰਘ ਉਡਾਰੀ, ਬਾਬੂ ਪ੍ਰਕਾਸ਼ ਚੰਦ ਗਰਗ, ਪੀਆਰਟੀਸੀ ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਗੋਲਡੀ, ਮਨਮੀਤ ਅਲੀਸ਼ੇਰ ਦੇ ਪਿਤਾ ਰਾਮ ਸਰੂਪ ਅਲੀਸ਼ੇਰ, ਮਨਮੀਤ ਦੇ ਵੱਡੇ ਭਰਾ ਅਮਿਤ ਅਲੀਸ਼ੇਰ ਨੇ ਵੀ ਮਨਮੀਤ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਰਾਜ ਕੁਮਾਰ ਅਰੋੜਾ ਵੱਲੋਂ ਮੰਚ ਸੰਚਾਲਨ ਕੀਤਾ ਗਿਆ।
ਸਮਾਗਮ ਦੌਰਾਨ ਪੰਕਜ ਸੇਠੀ, ਐਡਵੋਕੇਟ ਨਰੇਸ਼ ਜੁਨੇਜਾ, ਓਪੀ ਅਰੋੜਾ, ਅਸ਼ੋਕ ਸਕਸੈਨਾ, ਸੁਧੀਰ ਵਾਲੀਆ, ਪਰਵੀਨ ਬਾਂਸਲ, ਨੱਥੂ ਲਾਲ ਢੀਂਗਰਾ, ਖਾਲਸਾ, ਕਵਲਜੀਤ ਸਿੰਘ, ਤਿਲਕ ਰਾਜ ਸਤੀਜਾ, ਹਰੀਸ਼ ਅਰੋੜਾ, ਮੱਘਰ ਸਿੰਘ ਸੋਹੀ, ਦੇਵੀ ਦਿਆਲ, ਲਾਲ ਚੰਦ ਸੈਣੀ, ਕੇਵਲ ਸਿੰਘ, ਹਰਜੀਤ ਢੀਂਗਰਾ, ਸੁਖਦੇਵ ਗਾਂਧੀ ਆਦਿ ਹਾਜ਼ਰ ਸਨ।