ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 20 ਅਗਸਤ
ਇੱਥੋਂ ਨੇੜਲੇ ਪਿੰਡ ਢੰਡੋਲੀ ਕਲਾਂ ਵਿੱਚ ਬੀਤੇ ਦਿਨੀਂ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਟਰੈਕਟਰ ਦੇ ਕਰਾਹੇ ਨਾਲ ਦਲਿਤਾਂ ਦੀ ਮੁੱਖ ਗਲੀ ਅਤੇ ਨਾਲੀ ਵਿੱਚ ਰੂੜੀਆਂ ਖਿਲਾਰ ਕੇ ਗਲੀ-ਨਾਲੀ ਦੇ ਪਾਣੀ ਦਾ ਨਿਕਾਸ ਬੰਦ ਕਰ ਦਿੱਤਾ ਗਿਆ ਹੈ। ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਥਾਣਾ ਦਿੜ੍ਹਬਾ ਦੇ ਮੁਖੀ ਨੂੰ ਦਿੱਤੀ ਗਈ ਦਰਖਾਸਤ ਅਨੁਸਾਰ ਅਤੇ ਪੰਚਾਇਤ ਮੈਂਬਰ ਲਾਭ ਸਿੰਘ, ਰਾਮਪਾਲ ਸਿੰਘ ਕਾਲਾ, ਪ੍ਰੇਮ ਸਿੰਘ, ਗੁਰਚਰਨ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਪਿੰਡ ਤੋਂ ਬਾਹਰ ਪਈਆਂ ਰੂੜੀਆਂ ਦਾ ਗੰਦ ਟਰੈਕਟਰ ਦੇ ਕਰਾਹੇ ਨਾਲ ਗਲੀ ਅਤੇ ਨਾਲੀ ਵਿੱਚ ਖਿਲਾਰ ਕੇ ਗਲੀ-ਨਾਲੀ ਦੇ ਪਾਣੀ ਦਾ ਨਿਕਾਸ ਅਤੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਜਿੱਥੇ ਦਲਿਤ ਭਾਈਚਾਰੇ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉੱਥੇ ਖਿਲਾਰੇ ਗਏ ਗੰਦ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰਨ ਤੋਂ ਬਾਅਦ ਥਾਣਾ ਦਿੜ੍ਹਬਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਮੰਗ ਕੀਤੀ ਹੈ ਕਿ ਦਲਿਤਾਂ ਦੀਆਂ ਗਲੀਆਂ ਨਾਲੀਆਂ ਵਿੱਚ ਗੰਦ ਪਾਉਣ ਵਾਲੇ ਉਕਤ ਸਾਰੇ ਵਿਅਕਤੀਆਂ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ।
ਥਾਣਾ ਦਿੜ੍ਹਬਾ ਦੇ ਮੁਖੀ ਨੇ ਦੱਸਿਆ ਕਿ ਢੰਡੋਲੀ ਕਲਾਂ ਵਾਲਾ ਮਸਲਾ ਅਜੇ ਪੈਂਡਿੰਗ ਹੈ। ਪਿੰਡ ਦੀ ਸਰਪੰਚ ਦੇ ਪਤੀ ਨੰਬਰਦਾਰ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਸਬੰਧੀ ਉਹ ਦੋਵੇਂ ਧਿਰਾਂ ਨਾਲ ਥਾਣਾ ਦਿੜ੍ਹਬਾ ਗਏ ਸਨ ਅਤੇ 21 ਅਗਸਤ ਨੂੰ ਦੋਵੇਂ ਧਿਰਾਂ ਨੂੰ ਇਕੱਠੇ ਕਰ ਕੇ ਇਸ ਮਸਲੇ ਦਾ ਹੱਲ ਲੱਭਿਆ ਜਾਵੇਗਾ।