ਬੀਰਬਲ ਰਿਸ਼ੀ
ਸ਼ੇਰਪੁਰ, 27 ਨਵੰਬਰ
ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਡੀਈਸੀਈ ਦਾ ਕੋਰਸ ਕਰ ਰਹੇ ਬਹੁਤੇ ਉਚ-ਵਿੱਦਿਆ ਪ੍ਰਾਪਤ ਅਧਿਆਪਕਾਂ ਨੂੰ ਜਿੱਥੇ ਪੇਪਰਾਂ ’ਚੋਂ ਫੇਲ੍ਹ ਕਰ ਦਿੱਤਾ ਹੈ ਉਥੇ ਇੱਕ ਦਹਾਕੇ ਤੋਂ ਪੜ੍ਹਾਈ ਨਾਲ ਜੁੜੇ ਅਧਿਆਪਕਾਂ ਨੂੰ ਕਿਤਾਬਾਂ ਦੀ ਸਹਾਇਤਾ ਨਾਲ ਹੱਥੀਂ ਤਿਆਰ ਕੀਤੀਆਂ ਅਸਾਈਂਨਮੈਂਟਾਂ ’ਚੋਂ ਵੀ ਫੇਲ੍ਹ ਕਰਨ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਹੈ। ਐੱਮ.ਏ. ਬੀਐੱਡ, ਬੀਏ ਬੀਐੱਡ ਤੇ ਈਟੀਟੀ ਦੀਆਂ ਡਿਗਰੀਆਂ ਪ੍ਰਾਪਤ ਸਿੱਖਿਆ ਪ੍ਰੋਵਾਈਡਰ, ਈਜੀਐੱਸ, ਐੱਸਟੀਆਰ ਅਧਿਆਪਕ ਤਕਰੀਬਨ 10 ਸਾਲ ਤੋਂ ਵੀ ਵੱਧ ਸਮੇਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਕਰਵਾ ਰਹੇ ਹਨ ਜਿਨ੍ਹਾਂ ਨੇ ਡੀਈਸੀਈ ਦੇ ਸਤੰਬਰ ਅਕਤੂਬਰ ਵਿੱਚ ਤਿੰਨ ਪੇਪਰ ਦਿੱਤੇ ਸਨ ਤੇ ਡੀਈਸੀਈ-1 ਦੇ ਆਏ ਨਤੀਜਿਆਂ ਵਿੱਚ ਕਈ ਅਧਿਆਪਕ ਫੇਲ੍ਹ ਹੀ ਨਹੀਂ ਸਗੋਂ ਕਈਆਂ ਦੇ ਨੰਬਰ ਮਹਿਜ਼ 2 ਤੋਂ 20 ਤੱਕ ਹੀ ਆਏ ਹਨ। ਪੀੜਤ ਅਧਿਆਪਕਾਂ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਉਠਾਈ ਹੈ। ਇਸ ਮਾਮਲੇ ਵਿੱਚ ਸੰਪਰਕ ਕਰਨ ’ਤੇ ਪੰਜਾਬ ਦੇ ਰਿਜਨਲ ਸੈਂਟਰ ਦੀ ਡਾਇਰੈਕਟਰ ਨੇ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ।