ਬੀਰਬਲ ਰਿਸ਼ੀ
ਸ਼ੇਰਪੁਰ, 12 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੇ 17 ਪਿੰਡ ਬੀਡੀਪੀਓ ਦਫ਼ਤਰ ਸ਼ੇਰਪੁਰ ਨਾਲ ਸਬੰਧਤ ਹੋਣ ਕਾਰਨ ਭਾਵੇਂ ਇਹ ਦਫ਼ਤਰ ਪੰਚਾਇਤ ਵਿਭਾਗ ਹਰ ਪੱਖ ਤੋਂ ਸਰਕਾਰ ਦੇ ਏਜੰਡੇ ’ਤੇ ਹੈ, ਪਰ ਹਾਲੇ ਵੀ ਇੱਥੇ ਕਈ ਅਹਿਮ ਅਸਾਮੀਆਂ ਦੀ ਘਾਟ ਜਾਪ ਰਹੀ ਹੈ।
ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਸੁਲਤਾਨਪੁਰ ਅਤੇ ਗੁਰਦੀਪ ਸਿੰਘ ਅਲੀਪੁਰ ਨੇ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਸਰਪੰਚਾਂ ਦੇ ਕੰਮ ਕਾਰ ਹੋਣ ਤਾਂ ਲੱਗੇ ਹਨ, ਪਰ ਹਾਲੇ ਵੀ ਮਨਜ਼ੂਰਸ਼ੁਦਾ ਦੋ ਅਸਾਮੀਆਂ ਵਿੱਚੋ 37 ਪਿੰਡਾਂ ਵਿੱਚ ਸਿਰਫ਼ ਇੱਕੋ ਜੇਈ ਕੰਮ ਚਲਾ ਰਿਹਾ ਹੈ, ਐੱਸਈਪੀਓ ਦੀ ਅਹਿਮ ਅਸਾਮੀ ਵੀ ਖਾਲੀ ਪਈ ਹੈ, ਸਟੈਨੋ ਦੀ ਅਹਿਮ ਅਸਾਮੀ ਦਫ਼ਤਰ ਵਿੱਚ ਮਨਜ਼ੂਰਸ਼ੁਦਾ ਹੀ ਨਹੀਂ ਅਤੇ ਪੰਚਾਇਤ ਸੈਕਟਰੀਆਂ ਦੀਆਂ ਖਾਲੀ ਅਸਾਮੀਆਂ ਭਰੇ ਜਾਣ ਮਗਰੋਂ ਇੱਕ ਸੈਕਟਰੀ ਦੀ ਬਦਲੀ ਕੀਤੇ ਜਾਣ ਦੀ ਵੀ ਖ਼ਬਰ ਹੈ। ਆਗੂਆਂ ਅਨੁਸਾਰ, ਹੁਣ ਸਰਪੰਚਾਂ ਵੱਲੋਂ ਖਰਚੀਆਂ ਗ੍ਰਾਂਟਾਂ ਦੇ ‘ਵਰਤੋਂ ਸਰਟੀਫਿਕੇਟ’ ਦੀ ਸਮੱਸਿਆ ਦੂਰ ਹੋਣ ਦੀ ਸੰਭਾਵਨਾ ਬਣ ਗਈ ਹੈ। ਜੇਈ ਗਗਨਦੀਪ ਸਿੰਘ ਨੇ ਦੱਸਿਆ ਕਿ ਜਿਹੜੇ ਪਿੰਡਾਂ ਦਾ ਰਿਕਾਰਡ ਸਹੀ ਪਹੁੰਚ ਰਿਹਾ ਹੈ ਉਹ ਮਿਣਤੀਆਂ ਕਰਕੇ ਗ੍ਰਾਂਟਾਂ ਦੇ ‘ਵਰਤੋਂ ਸਰਟੀਫਿਕੇਟ ਸਰਪੰਚਾਂ ਨੂੰ ਜਾਰੀ ਕਰ ਰਹੇ ਹਨ ਜਿਸ ਤਹਿਤ ਹਾਲ ਹੀ ਦੌਰਾਨ ਪਿੰਡ ਅਲੀਪੁਰ, ਵਜ਼ੀਦਪੁਰ ਬਧੇਸਾ, ਸਲੇਮਪੁਰ, ਅਲਾਲ ਸਮੇਤ ਕਈ ਪਿੰਡਾਂ ਦੇ ਸਰਟੀਫਿਕੇਟ ਜ਼ਾਰੀ ਕੀਤੇ ਹਨ। ਜਿੱਥੇ ਕਿਤੇ ਰਿਕਾਰਡ ਸਹੀ ਮੁਹੱਈਆਂ ਨਹੀਂ ਹੋ ਰਿਹਾ ਸਿਰਫ਼ ਉੱਥੇ ਹੀ ਸਮੱਸਿਆ ਹੈ ਅਤੇ ਕੁੱਝ ਸਰਪੰਚਾਂ ਨੂੰ ਰਿਕਾਰਡ ਪੇਸ਼ ਕਰਨ ਸਬੰਧੀ ਨੋਟਿਸ ਵੀ ਭੇਜੇ ਗਏ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬੀਡੀਪੀਓ ਦਫ਼ਤਰ ਸ਼ੇਰਪੁਰ ਵਿੱਚ ਪੰਚਾਇਤ ਸੈਕਟਰੀਆਂ ਦੀਆਂ ਮਨਜ਼ੂਰਸ਼ੁਦਾ ਸਾਰੀਆਂ ਅਸਾਮੀਆਂ ਭਰੀਆਂ ਗਈਆਂ ਹਨ। ਇਸੇ ਤਰ੍ਹਾਂ ਮਗਨਰੇਗਾ ਵਿੱਚ ਖਾਲੀ ਪਈ ਟੀਏ ਦੀ ਅਸਾਮੀ ਵੀ ਭਰੀ ਗਈ ਅਤੇ ਗ੍ਰਾਮ ਸੇਵਕਾਂ ਦੀਆਂ ਚਾਰ ਵਿੱਚੋ ਤਿੰਨ ਅਸਾਮੀਆਂ ਭਰ ਚੁੱਕੀਆਂ ਹਨ।