ਪੱਤਰ ਪ੍ਰੇਰਕ
ਲੌਂਗੋਵਾਲ, 30 ਮਾਰਚ
ਦਸੰਬਰ 2020 ਨੂੰ ਜੰਮੂ ਕਸ਼ਮੀਰ ਵਿਖੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਨਜ਼ਦੀਕੀ ਪਿੰਡ ਲੋਹਾਖੇੜਾ ਦੇ ਸ਼ਹੀਦ ਲਾਂਸ ਨਾਇਕ ਕਰਨੈਲ ਸਿੰਘ ਦੀ ਵਿਧਵਾ ਬਲਜੀਤ ਕੌਰ ਪਰਿਵਾਰ ਅਤੇ ਸਰਕਾਰ ਦੀ ਬੇਰੁਖੀ ਕਾਰਨ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਅੱਜ ਇੱਥੇ ਸਾਬਕਾ ਸੈਨਿਕਾਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸ਼ਹੀਦ ਦੀ ਪਤਨੀ ਨੇ ਆਪਣੀ ਨਣਦ ਰਣਜੀਤ ਕੌਰ ਦੀ ਮੌਜੂਦਗੀ ’ਚ ਦੱਸਿਆ ਕਿ ਉਸ ਦੇ ਪਤੀ ਦੇ ਪਰਿਵਾਰ ਵਿੱਚ 5 ਭੈਣ ਭਾਈ ਹਨ। ਉਸ ਨੇ ਕਿਹਾ ਕਿ ਸਹੁਰੇ ਦੀ ਮੌਤ ਮਗਰੋਂ ਸਹੁਰੇ ਪਰਿਵਾਰ ਵਾਲਿਆਂ ਨੇ ਤੰਗ ਕਰਨਾ ਸ਼ੁਰੂ ਦਿੱਤਾ ਹੈ। ਉਹ ਐੱਸਐੱਚਓ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ ਇਨਸਾਫ਼ ਦੀ ਗੁਹਾਰ ਲਾ ਚੁੱਕੇ ਹਾਂ ਪ੍ਰੰਤੂ ਅਜੇ ਤੱਕ ਇਨਸਾਫ਼ ਨਹੀਂ ਮਿਲ ਸਕਿਆ। ਇਸ ਮੌਕੇ ਸਾਬਕਾ ਸੈਨਿਕ ਵਿੰਗ ਦੇ ਆਗੂ ਨਾਜਰ ਸਿੰਘ ਨੇ ਦੱਸਿਆ ਕਿ ਸਾਡੀ ਮੰਗ ਹੈ ਕਿ ਬਲਜੀਤ ਕੌਰ ਨੂੰ ਇਨਸਾਫ਼ ਦਿੱਤਾ ਜਾਵੇ। ਉਧਰ ਸ਼ਹੀਦ ਦੇ ਭਰਾ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੀ ਭਾਈ ਵੰਡ ਅਨੁਸਾਰ ਉਹ ਬਲਜੀਤ ਕੌਰ ਨੂੰ ਬਣਦਾ ਹਿੱਸਾ ਦੇਣ ਲਈ ਤਿਆਰ ਹਨ। ਪਰਿਵਾਰ ਨੇ 22 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ ਇਸ ਲਈ ਕਰਜ਼ੇ ਦਾ ਹਿੱਸਾ ਵੀ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਸਹੂਲਤ ਬਲਜੀਤ ਕੌਰ ਨੂੰ ਦਿੱਤੀ ਜਾਵੇਗੀ ਉਸ ਦਾ ਉਨਾਂ ਕੋਈ ਇਤਰਾਜ਼ ਨਹੀਂ ਹੈ।