ਹਰਦੀਪ ਸਿੰਘ ਸੋਢੀ
ਧੂਰੀ, 24 ਅਪਰੈਲ
ਸ਼ਹਿਰ ਵਿੱਚ ਅੱਜ ਦੁਪਹਿਰੇ ਮੋਟਰਸਾਈਕਲ ’ਤੇ ਆਏ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ 70-80 ਹਜ਼ਾਰ ਦੀ ਨਕਦੀ ਲੁੱਟ ਲਈ। ਮਗਰੋਂ ਹਵਾਈ ਫਾਇਰਿੰਗ ਕਰਦਿਆਂ ਫਰਾਰ ਹੋ ਗਏ। ਘਟਨਾ ਮਗਰੋਂ ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਧੂਰੀ ਪਰਮਿੰਦਰ ਸਿੰਘ ਸਮੇਤ ਪੁਲੀਸ ਘਟਨਾ ਸਥਾਨ ’ਤੇ ਪੁੱਜੀ। ਪੈਸੇ ਟਰਾਂਸਫਰ ਕਰਨ ਦੀ ਦੁਕਾਨ ਸੀਆਰਾਮ ਐਂਟਰਪ੍ਰਾਈਜਿਜ਼ ਦੇ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਵਿਅਕਤੀ ਉਨ੍ਹਾਂ ਦੀ ਦੁਕਾਨ ’ਤੇ ਆਏ, ਇਨ੍ਹਾਂ ਵਿੱਚੋਂ ਦੋ ਜਣੇ ਦੁਕਾਨ ਅੰਦਰ ਆ ਗਏ, ਜਦੋਂ ਕਿ ਇਕ ਵਿਅਕਤੀ ਬਾਹਰ ਮੋਟਰਸਾਈਕਲ ਕੋਲ ਹੀ ਖੜ੍ਹਾ ਰਿਹਾ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਆਏ ਦੋਵਾਂ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀ ਦੇਣ ਲੱਗੇ। ਇਸ ਤੋਂ ਬਾਅਦ ਨਕਾਬਪੋਸ਼ਾਂ ਨੇ ਉਸ ਦੇ ਗੱਲੇ ਵਿੱਚ ਪਈ ਕਰੀਬ 70-80 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ ਅਤੇ ਜਾਂਦੇ ਸਮੇਂ ਫਾਇਰਿੰਗ ਕਰਦਿਆਂ ਫਰਾਰ ਹੋ ਗਏ। ਉਨਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ, ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੀ ਖਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਘਟਨਾ ਸਥਾਨ ’ਤੇ ਪੁੱਜ ਗਏ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰਿਆਨਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਗੁਪਤਾ, ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਨੇ ਘਟਨਾ ਦਾ ਨਿੰਦਾ ਕਰਦਿਆਂ ਪੁਲੀਸ ਤੋਂ ਮੰਗ ਕੀਤੀ ਕਿ ਅਜਿਹੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ।
ਇਸ ਸਬੰਧੀ ਡੀ.ਐੱਸ.ਪੀ ਪਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖੀ ਜਾ ਰਹੀ ਹੈ।