ਨਿੱਜੀ ਪੱਤਰ ਪ੍ਰੇਰਕ
ਧੂਰੀ, 9 ਫਰਵਰੀ
ਵਿਧਾਨ ਸਭਾ ਹਲਕਾ 107-ਧੂਰੀ ਤੇ ਵਿਧਾਨ ਸਭਾ ਹਲਕਾ 108-ਸੰਗਰੂਰ ਵਿੱਚ ਉਮੀਦਵਾਰਾਂ ਦੇ ਚੋਣ ਖਰਚਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਆਈ.ਸੀ.ਏ.ਐਸ ਅਧਿਕਾਰੀ ਸੁਭਾਸ਼ ਚੰਦਰ ਦੀ ਅਗਵਾਈ ਹੇਠ ਉਮੀਦਵਾਰਾਂ ਵੱਲੋਂ ਹੁਣ ਤੱਕ ਕੀਤੇ ਗਏ ਚੋਣ ਖਰਚਿਆਂ ਦਾ ਸ਼ੈਡੋ ਰਜਿਸਟਰ ਨਾਲ ਮਿਲਾਨ ਕੀਤਾ ਗਿਆ। ਇਸ ਮੌਕੇ ਜਿਹੜੇ ਉਮੀਦਵਾਰਾਂ ਦੇ ਰਜਿਸਟਰਾਂ ਵਿੱਚ ਵੇਰਵਿਆਂ ਦਾ ਸਹੀ ਇੰਦਰਾਜ ਨਹੀਂ ਸੀ, ਉਨ੍ਹਾਂ ਨੂੰ ਦਰੁਸਤ ਕਰਨ ਲਈ ਕਿਹਾ ਗਿਆ ਅਤੇ ਜੋ ਨਹੀਂ ਆਏ ਉਨ੍ਹਾਂ ਨੂੰ ਨੋਟਿਸ ਜਾਰੀ ਕਰਨ ਦੀ ਹਦਾਇਤ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਕੀਤੀ ਗਈ। ਧੂਰੀ ਵਿਧਾਨ ਸਭਾ ਤੋਂ ਚੋਣ ਲੜ ਰਹੇ ਵੱਖ ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦੇ ਨੁਮਾਇੰਦਿਆਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਤਿਆਰ ਕੀਤੇ ਖਰਚਿਆਂ ਸਬੰਧੀ ਆਰ.ਓ ਦਫ਼ਤਰ ’ਚ ਰਜਿਸਟਰ ਦਾ ਮਿਲਾਨ ਕਰਵਾਇਆ। ਖਰਚਾ ਅਬਜ਼ਰਵਰ ਸੁਭਾਸ਼ ਚੰਦਰ ਨੇ ਕਿਹਾ ਕਿ ਧੂਰੀ ਤੇ ਸੰਗਰੂਰ ਵਿਧਾਨ ਸਭਾ ਹਲਕਿਆਂ ’ਚ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚਿਆਂ ’ਤੇ ਨਜ਼ਰ ਰੱਖਣ ਲਈ ਵੱਖ ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਰੋਜ਼ਾਨਾ ਦੇ ਆਧਾਰ ’ਤੇ ਇੰਦਰਾਜ ਰਜਿਸਟਰਾਂ ’ਚ ਕੀਤਾ ਜਾ ਰਿਹਾ ਹੈ।