ਬੀਰਬਲ ਰਿਸ਼ੀ
ਸ਼ੇਰਪੁਰ, 11 ਅਪਰੈਲ
ਬਲਾਕ ਸ਼ੇਰਪੁਰ ਦੇ ਕੁਝ ਨਿੱਜੀ ਸਕੂਲਾਂ ਵੱਲੋਂ ਸਕੂਲੀ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਦੇਣ ਮੌਕੇ ਮੋਟਾ ਮੁਨਾਫ਼ਾ ਕਮਾ ਕੇ ਮਾਪਿਆਂ ਦੀ ਕੀਤੀ ਕਥਿਤ ਲੁੱਟ ਦਾ ਮਾਮਲਾ ਸ਼ੇਰਪੁਰ ਦੇ ਇੱਕ ਦੁਕਾਨਦਾਰ ਵੱਲੋਂ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਮਗਰੋਂ ਕਾਫ਼ੀ ਭਖ਼ ਗਿਆ ਹੈ। ਜਾਣਕਾਰੀ ਅਨੁਸਾਰ ਸ਼ੇਰਪੁਰ ’ਚ ਕਿਤਾਬਾਂ ਦੇ ਇੱਕ ਦੁਕਾਨਦਾਰ ਗਗਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਕਿਸੇ ਵੀ ਪ੍ਰਾਈਵੇਟ ਸਕੂਲ ਨੇ ਆਪਣੇ ਸਕੂਲਾਂ ਵਿੱਚ ਲਗਾਈਆਂ ਕਿਤਾਬਾਂ ਦੀਆਂ ਲਿਸਟਾਂ ਨਹੀਂ ਦਿੱਤੀਆਂ। ਭਰੋਸੇਯੋਗ ਸੂਤਰਾਂ ਅਨੁਸਾਰ ਬਲਾਕ ਸ਼ੇਰਪੁਰ ਦੇ ਛੇ ਅਜਿਹੇ ਨਿੱਜੀ ਸਕੂਲਾਂ ਦੀ ਪਛਾਣ ਕੀਤੀ ਗਈ ਹੈ, ਜਿਹੜੇ ਸਕੂਲਾਂ ਖ਼ਿਲਾਫ਼ ਮਾਪਿਆਂ ਨੂੰ ਕਿਤਾਬਾਂ ਦੇ ਮਾਮਲੇ ਵਿੱਚ ਚੂਨਾ ਲਗਾਏ ਜਾਣ ਦੇ ਸ਼ੰਕੇ ਪਾਏ ਗਏ ਹਨ। ਪੜਤਾਲ ’ਚ ਸ਼ਾਮਲ ਹੋਣ ਲਈ ਤਲਬ ਕੀਤੇ ਜਾਣ ਮਗਰੋਂ ਕਈ ਪ੍ਰਾਈਵੇਟ ਸਕੂਲ ਮੈਨੇਜਮੈਂਟ ਮੁਖੀਆਂ ਦੇ ਸ਼ਾਹ ਸੂਤੇ ਗਏ ਹਨ। ਜਾਂਚ ਕਰਨ ਵਾਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ੇਰਪੁਰ ਗੁਰਮੀਤ ਸਿੰਘ ਈਸਾਪੁਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਕਲਮਬੱਧ ਕਰ ਲਏ ਹਨ ਜਦੋਂ ਕਿ ਸਬੰਧਤ ਪ੍ਰਾਈਵੇਟ ਸਕੂਲਾਂ ਤੇ ਬਿਆਨ ’ਤੇ ਆਪਣੀ ਪੜਤਾਲ ਐੱਸਡੀਐੱਮ ਧੂਰੀ ਨੂੰ ਸੌਂਪ ਦੇਣਗੇ।