ਪੱਤਰ ਪ੍ਰੇਰਕ
ਸ਼ੇਰਪੁਰ, 12 ਅਪਰੈਲ
ਕਿਤਾਬਾਂ, ਸਟੇਸ਼ਨਰੀ ਤੇ ਵਰਦੀਆਂ ਦੇ ਮਾਮਲੇ ਵਿੱਚ ਤਲਬ ਕੀਤੇ ਬਲਾਕ ਸ਼ੇਰਪੁਰ ਦੇ ਅੱਧੀ ਦਰਜਨ ਸਕੂਲ ਮੈਨੇਜਮੈਂਟਾਂ ਜਾਂ ਮੁਲਾਜ਼ਮਾਂ ਨੇ ਆਪਣੇ ਜਾਂਚ ਅਧਿਕਾਰੀ ਕੋਲ ਬਿਆਨ ਕਲਮਬੱਧ ਕਰਵਾਏ। ਯਾਦ ਰਹੇ ਕਿ ਸ਼ੇਰਪੁਰ ਦੇ ਗਗਨ ਨਾਮ ਦੇ ਇੱਕ ਕਿਤਾਬਾਂ ਦੇ ਦੁਕਾਨਦਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਕੁਝ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਨੇ ਪੰਜਾਬ ਸਰਕਾਰ ਵੱਲੋਂ ਵੈੱਬਸਾਈਟਾਂ ’ਤੇ ਕਿਤਾਬਾਂ ਦੇ ਨਾਮ ਲਿਖਕੇ ਪਾਉਣ ਦੀ ਥਾਂ ਆਪਣੀ ਕਥਿਤ ਸਾਂਝੀਦਾਰੀ ਵਾਲੀਆਂ ਖਾਸ ਦੁਕਾਨਾਂ ਤੋਂ ਕਿਤਾਬਾਂ ਲੈਣ ਲਈ ਮਾਪਿਆਂ ਨੂੰ ਮਜਬੂਰ ਕੀਤਾ ਹੈ। ਇਸ ਸ਼ਿਕਾਇਤ ਦੇ ਮੱਦੇਨਜ਼ਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੀਤ ਸਿੰਘ ਈਸਾਪੁਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਬਲਾਕ ਸ਼ੇਰਪੁਰ ਦੇ ਸਬੰਧਤ ਨਿੱਜੀ ਸਕੂਲ ਮੈਨੇਜਮੈਂਟਾਂ ਦੇ ਮੈਂਬਰ ਜਾਂ ਮੁਲਾਜ਼ਮਾਂ ਨੇ ਬੀਪੀਈਓ ਦਫ਼ਤਰ ਸ਼ੇਰਪੁਰ ਪੁੱਜ ਕੇ ਆਪਣੇ ਬਿਆਨ ਕਲਮਬੱਧ ਕਰਵਾਏ। ਸ਼ਿਕਾਇਤਕਰਤਾ ਗਗਨ ਸ਼ੇਰਪੁਰ ਨੇ ਦੱਸਿਆ ਕਿ ਜਾਂਚ ਵਿੱਚ ਮਹਿਜ਼ ਛੇ ਸਕੂਲਾਂ ਨੂੰ ਲਿਆ ਗਿਆ ਹੈ ਜਦੋਂ ਕਿ ਹਾਲੇ ਵੀ ਕਈ ਵੱਡੇ ਸਕੂਲਾਂ ਨੂੰ ਜਾਂਚ ਦੇ ਘੇਰੇ ’ਚੋਂ ਬਾਹਰ ਰੱਖਿਆ ਗਿਆ ਹੈ। ਬੀਪੀਈਓ ਗੁਰਮੀਤ ਸਿੰਘ ਈਸਾਪੁਰ ਨੇ ਸੰਪਰਕ ਕਰਨ ’ਤੇ ਵੇਰਵੇ ਦੇਣ ਤੋਂ ਅਸਮਰੱਥਾ ਪ੍ਰਗਟ ਕਰਦਿਆਂ ਆਪਣੀ ਰਿਪੋਰਟ ਐਸਡੀਐਮ ਧੂਰੀ ਨੂੰ ਸੌਂਪ ਦੇਣ ਦੀ ਪੁਸ਼ਟੀ ਕੀਤੀ ਹੈ।