ਜਗਤਾਰ ਸਿੰਘ ਨਹਿਲ
ਲੌਂਗੋਵਾਲ, 25 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਬਲਾਕ ਸੰਗਰੂਰ ਦੇ ਦਸ ਪਿੰਡਾਂ ਦੀ ਪੜਾਅਵਾਰ ਮੀਟਿੰਗ ਅੱਜ ਪਿੰਡ ਲੌਂਗੋਵਾਲ ਦੇ ਗੁਰਦੁਆਰਾ ਸਾਹਿਬ ਬਾਬਾ ਆਲਾ ਜੀ ਦੀ ਢਾਬ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਸੂਬਾ ਆਗੂ ਬਲਜੀਤ ਕੌਰ ਕਿਲ੍ਹਾ ਭਰੀਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਾਰੇ ਬਾਰਡਰਾਂ ’ਤੇ ਚੱਲ ਰਿਹਾ ਮੋਰਚਾ ਚੜ੍ਹਦੀ ਕਲਾਂ ਵਿਚ ਹੈ। ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਾਗੂ ਕਰਵਾਉਣ, ਕਿਸਾਨਾਂ-ਮਜ਼ਦੂਰਾਂ ਦੀ ਸਮੁੱਚੀ ਕਰਜ਼ਾ ਮੁਕਤੀ, ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਅਤੇ ਹੋਰ ਮੰਗਾਂ ਲਈ ਬਾਰਡਰਾਂ ’ਤੇ 31 ਅਗਸਤ ਨੂੰ ਕਿਸਾਨੀ ਸੰਘਰਸ਼ ਦੇ 200 ਦਿਨ ਪੂਰੇ ਹੋਣ ’ਤੇ ਵੱਡੇ ਇਕੱਠ ਕੀਤੇ ਜਾਣਗੇ। ਉਨ੍ਹਾਂ ਨੌਜਵਾਨਾਂ, ਕਿਸਾਨ ਭਰਾਵਾਂ ਅਤੇ ਕਿਸਾਨ ਬੀਬੀਆਂ ਨੂੰ ਇਨ੍ਹਾਂ ਇਕੱਠਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਲੌਂਗੋਵਾਲ ਨੇ ਕਿਹਾ ਕਿ ਪਹਿਲੀ ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੀ ਪਹਿਲੀ ਬਰਸੀ ਪਿੰਡ ਮੰਡੇਰ ਕਲਾਂ ਦੀ ਅਨਾਜ ਮੰਡੀ ਵਿੱਚ ਵੱਡਾ ਇਕੱਠ ਕਰਕੇ ਮਨਾਈ ਜਾਵੇਗੀ।