ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 7 ਜੂਨ
ਸੈਂਟਰ ਆਫ਼ ਟਰੇਡ ਯੂਨੀਅਨਜ਼ (ਸੀਟੂ) ਦੀ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਇੱਥੇ ਸੀਟੂ ਦੇ ਸੂਬਾ ਪ੍ਰਧਾਨ ਮਹਾਂ ਸਿੰਘ ਰੋੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 18ਵੀਂ ਲੋਕ ਸਭਾ ਚੋਣਾਂ ਦੀ ਸਮੀਖਿਆ ਕੀਤੀ ਗਈ। ਬੈਠਕ ਦੀ ਰਾਇ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਲੰਗੜਾ ਬਹੁਮਤ ਮਿਲਣ ਨਾਲ ਦੇਸ਼ ਦੀ ਧਰਮ ਨਿਰਪੱਖਤਾ, ਰਾਖਵਾਂਕਰਨ ਅਤੇ ਭਾਰਤੀ ਸੰਵਿਧਾਨ ਨਾਲ ਤੋੜ ਫੋੜ ਕਰਨ ਦਾ ਖ਼ਤਰਾ ਟਲ ਗਿਆ ਹੈ। ਬੈਠਕ ਵਿੱਚ ਦੇਸ਼ ਦੇ ਲੋਕਾਂ ਵੱਲੋਂ ਇੰਡੀਆ ਬਲਾਕ ਨੂੰ ਵੋਟਾਂ ਪਾਉਣ ’ਤੇ ਦੇਸ਼ ਵਾਸੀਆਂ ਧੰਨਵਾਦ ਕੀਤਾ। ਬੈਠਕ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਜਨਰਲ ਸਕੱਤਰ ਚੰਦਰ ਸ਼ੇਖ਼ਰ ਨੇ ਕਿਹਾ ਕਿ ਭਾਜਪਾ ਅਤੇ ਇਸ ਦੀ ਅਗਵਾਈ ਵਿੱਚ ਚੱਲ ਰਹੀਆਂ ਪਾਰਟੀਆਂ ਤੇ ਸੰਸਥਾਵਾਂ ਦੀ ਦੀ ਤਾਨਾਸ਼ਾਹੀ ਨੂੰ ਲੋਕਾਂ ਦੇ ਵੱਡੇ ਹਿੱਸੇ ਨੇ ਹੁੰਗਾਰਾ ਨਹੀਂ ਭਰਿਆ।