ਗੁਰਦੀਪ ਸਿੰਘ ਲਾਲੀ/ਕਰਮਵੀਰ ਸੈਣੀ
ਸੰਗਰੂਰ/ਮੂਨਕ, 15 ਜੁਲਾਈ
ਮੂਨਕ ਸਬ ਡਵੀਜ਼ਨ ਦੇ ਪਿੰਡਾਂ ਵਿੱਚ ਆਏ ਹੜਾਂ ਕਾਰਨ ਹੋਏ ਨੁਕਸਾਨ ਅਤੇ ਸਿਹਤ ਸਾਵਧਾਨੀਆਂ ਸਬੰਧੀ ਹਮੀਰਗੜ੍ਹ ਵਿੱਚ ਐਮਰਜੈਂਸੀ ਮੀਟਿੰਗ ਦੌਰਾਨ ਵਿਧਾਇਕ ਬਰਿੰਦਰ ਗੋਇਲ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਮੌਜੂਦਾ ਸਥਿਤੀ ਤੇ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਸੰਭਾਵੀ ਚੁਣੌਤੀਆਂ ਦੇ ਯੋਜਨਾਬੱਧ ਢੰਗ ਬਾਰੇ ਨਾਲ ਐਮਰਜੈਂਸੀ ਮੀਟਿੰਗ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਪਾਣੀ ਦਾ ਪੱਧਰ ਕੱਲ੍ਹ ਸ਼ਾਮ ਤੱਕ ਘਟਣਾ ਸ਼ੁਰੂ ਹੋ ਜਾਵੇਗਾ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਅਗੇਤੇ ਤੌਰ ਤੇ ਮੂਨਕ ਤੇ ਖਨੌਰੀ ਵਿਚ ਨਿਰੰਤਰ ਫੌਗਿੰਗ ਕਰਵਾਈ ਜਾਵੇ ਅਤੇ ਲਾਰਵੇ ਨੂੰ ਨਸ਼ਟ ਕਰਨ ਲਈ ਸਰਗਰਮ ਕਦਮ ਚੁੱਕੇ ਜਾਣ। ਡਿਪਟੀ ਕਮਿਸ਼ਨਰ ਨੇ ਮ੍ਰਿਤਕ ਪਸ਼ੂਆਂ ਨੂੰ ਕਢਵਾਉਣ, ਬਿਮਾਰ ਪਸ਼ੂਆਂ ਦਾ ਢੁਕਵਾਂ ਇਲਾਜ, ਹਰੇ ਚਾਰੇ ਤੇ ਫੀਡ ਦਾ ਪ੍ਰਬੰਧ, ਜਲ ਸਪਲਾਈ ਦੀਆਂ ਲਾਈਨਾਂ ਦੀ ਜਾਂਚ, ਪਾਣੀ ਦੀ ਟੈਸਟਿੰਗ, ਪਾਣੀ ਦਾ ਪੱਧਰ ਨੀਵਾਂ ਹੋਣ ਤੋਂ ਬਾਅਦ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ, ਦਵਾਈਆਂ ਦੀ ਉਪਲਬਧਤਾ ਸਬੰਧੀ ਨਿਰਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਣੀ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਵਾ ਕੇ ਖਰਾਬ ਝੋਨੇ ਸਬੰਧੀ ਜਾਇਜ਼ਾ ਲਿਆ ਜਾਵੇ ਝੋਨੇ ਦੀ ਪਨੀਰੀ ਤਿਆਰ ਕਰਵਾਉਣ ਦੇ ਇੰਤਜ਼ਾਮ ਕਰਵਾਏ ਜਾਣ।