ਪੱਤਰ ਪ੍ਰੇਰਕ
ਸ਼ੇਰਪੁਰ, 17 ਸਤੰਬਰ
ਪਿਛਲੇ ਡੇਢ ਦਹਾਕੇ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਨਾਮਾਤਰ ਤਨਖਾਹਾਂ ’ਤੇ ਮਿਆਰੀ ਸੇਵਾਵਾਂ ਦੇ ਰਹੇ ਵੈਟਰਨਰੀ ਫਰਮਾਸਿਸਟਾਂ ਨੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਹਰਜੀਤ ਸਿੰਘ ਵਾਲੀਆਂ ਨੂੰ ਐਕਸ਼ਨ ਕਮੇਟੀ ਦੇ ਸੂਬਾਈ ਪ੍ਰਧਾਨ ਦਵਿੰਦਰਪਾਲ ਸਿੰਘ ਲਸੋਈ ਦੀ ਅਗਵਈ ਹੇਠ ਵਫ਼ਦ ਦੇ ਰੂਪ ਵਿੱਚ ਮਿਲ ਕੇ ਆਪਣੀਆਂ ਮੁੱਖ ਮੰਗਾਂ ’ਤੇ ਵਿਚਾਰ ਚਰਚਾ ਕੀਤੀ। ਡਾਇਰੈਕਟਰ ਵੱਲੋਂ ਆਪਣੇ ਪੱਧਰ ਦੀਆ ਤਕਰੀਬਨ ਸਾਰੀਆਂ ਮੰਗਾਂ ਨੂੰ ਮੰਨਣ ਦੀ ਸਹਿਮਤੀ ਦੇ ਕੇ ਅਗਲੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਵਫ਼ਦ ਵਿੱਚ ਐਕਸ਼ਨ ਕਮੇਟੀ ਆਗੂ ਹਰਜਸਕਰਨ ਸਿੰਘ, ਮਨਪ੍ਰੀਤ ਸਿੰਘ ਸਲੇਮਪੁਰ, ਜਸਵਿੰਦਰ ਕੁਮਾਰ, ਪਾਰਸ ਬਰਨਾਲਾ ਸ਼ਾਮਲ ਸਨ। ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਢਿੱਲੋਂ ਅਨੁਸਾਰ ਡਾਇਰੈਕਟਰ ਨੇ ਰੈਗੂਲਰ ਭਰਤੀ ਦੀ ਮੰਗ ਸਰਕਾਰ ਪੱਧਰ ਦੀ ਕਰਾਰ ਦਿੰਦਿਆਂ ਬਾਕੀ ਤਕਰੀਬਨ ਸਾਰੀਆਂ ਮੰਗਾਂ ਸਬੰਧੀ ਕੁੱਝ ਲੋੜੀਦੀਆਂ ਮਨਜ਼ੂਰੀਆਂ ਮਗਰੋਂ ਤੁਰੰਤ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਡਾਇਰੈਕਟਰ ਵੱਲੋਂ ਮੰਨੀਆਂ ਮੰਗਾਂ ਲਾਗੂ ਹੋਣ ’ਤੇ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਸੰਘਰਸ਼ ਸਬੰਧੀ ਮੀਟਿੰਗ ਕਰਕੇ ਕਮੇਟੀ ਦੇ ਆਗੂਆਂ ਨਾਲ ਮਸ਼ਵਰਾ ਕਰਕੇ ਕੋਈ ਫੈਸਲਾ ਲੈਣ ਸਬੰਧੀ ਸੋਚ ਜ਼ਰੂਰ ਸਕਦੇ ਹਨ।