ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਦਸੰਬਰ
ਇਲਾਕੇ ਵਿੱਚ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਜਨਜੀਵਨ ਠੱਪ ਹੋ ਰਹਿ ਗਿਆ। ਧੁੱਪ ਨਾ ਨਿਕਲਣ ਕਾਰਨ ਪਾਰਾ ਵੀ ਆਮ ਦਿਨਾਂ ਨਾਲੋਂ ਹੇਠਾਂ ਡਿੱਗ ਗਿਆ। ਖੇਤੀ ਮਾਹਿਰਾਂ ਅਨੁਸਾਰ ਪਾਰਾ ਡਿੱਗਣਾ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ। ਲੋਕ 10 ਵਜੇ ਤੱਕ ਘਰਾਂ ’ਚ ਹੀ ਰਹਿਣ ਲਈ ਮਜਬੂਰ ਹੋ ਗਏ। 10 ਵਜੇ ਦੇ ਕਰੀਬ ਭਾਵੇਂ ਧੁੱਪ ਨਿਕਲ ਆਏ ਸੀ ਪਰ ਠੰਢ ਬਰਕਰਾਰ ਰਹੀ। ਰਾਤ ਸਮੇਂ ਵਿਚ ਵੀ ਤਾਪਮਾਨ 6 ਡਿਗਰੀ ਦੇ ਆਸ-ਪਾਸ ਤਕ ਜਾ ਰਿਹਾ ਹੈ। ਦਿਨ ਸਮੇਂ ਠੰਢ ਪੈਣ ਕਾਰਨ ਸ਼ਹਿਰ ’ਚ ਥਾਂ-ਥਾਂ ਲੋਕ ਧੂੰਈਆਂ ਸੇਕਦੇ ਰਹੇ। ਸੰਘਣੀ ਧੁੰਦ ਕਾਰਨ ਰੇਲਵੇ ਸਟੇਸ਼ਨ ਪਲੈਟਫਾਰਮ ’ਤੇ ਮਹਿਜ਼ 15 ਫੁੱਟ ਤੋਂ ਅੱਗੇ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਸੰਘਣੀ ਧੁੰਦ ਕਰ ਕੇ ਵਾਹਨ ਚਾਲਕ ਦਿਨ ਸਮੇਂ ਵੀ ਵਾਹਨਾਂ ਦੀਆਂ ਲਾਈਟਾਂ ਚਲਾ ਕੇ ਚੱਲ ਰਹੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਲਾਕ ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਕਿਹਾ ਕਿ ਇਹ ਧੁੰਦ ਕਣਕ ਦੀ ਫ਼ਸਲ ਲਈ ਲਾਭਕਾਰੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਬਿਜਾਈ ਲਈ ਤਾਪਮਾਨ ਗਰਮ ਚਾਹੀਦਾ ਹੈ ਜਦੋਂਕਿ ਬਾਅਦ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਠੰਢ ਅਤੇ ਧੁੰਦ ਜ਼ਰੂਰੀ ਹੁੰਦੀ ਹੈ।