ਨਿੱਜੀ ਪੱਤਰ ਪੇ੍ਰਕ
ਸੰਗਰੂਰ, 27 ਜੁਲਾਈ
ਮਨਰੇਗਾ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੇ ਨਰੇਗਾ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਜਾਰੀ ਹੈ ਅਤੇ ਪਿਛਲੇ 19 ਦਿਨਾਂ ਤੋਂ ਕੰਮਕਾਜ ਦਾ ਬਾਈਕਾਟ ਕਰਕੇ ਬੀਡੀਪੀਓ ਦਫ਼ਤਰਾਂ ’ਚ ਰੋਸ ਧਰਨਿਆਂ ’ਤੇ ਡਟੇ ਹੋਏ ਹਨ। ਹੜਤਾਲੀ ਨਰੇਗਾ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਸ ਮੰਗ ਨੂੰ ਲੈ ਕੇ ਸੰਘਰਸ਼ ਦੇ ਰਾਹ ’ਤੇ ਹਨ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਨਰੇਗਾ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਕਾਕੜਾ ਨੇ ਕਿਹਾ ਪੰਜਾਬ ਭਰ ਵਿਚ ਕਰੀਬ 1800 ਨਰੇਗਾ ਮੁਲਾਜ਼ਮ ਪਿਛਲੇ ਕਰੀਬ 10/15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸੇਵਾਵਾਂ ਨਿਭਾ ਰਹੇ ਹਨ। ਕੈਪਟਨ ਸਰਕਾਰ ਘਰ-ਘਰ ਨੌਕਰੀਆਂ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ ਸਰਕਾਰ ਦੁਬਾਰਾ ਸੱਤਾ ਹਾਸਲ ਕਰਨ ਲਈ ਵਿਉਂਤਬੰਦੀ ਤਾਂ ਘੜਨ ਲੱਗੀ ਹੈ ਜਦੋਂ ਕਿ ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਕੈਬਨਿਟ ਸਬ-ਕਮੇਟੀ ਬਣਾ ਕੇ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੰਦੀ ਆ ਰਹੀ ਹੈ ਪਰੰਤੂ ਕੱਚੇ ਮੁਲਾਜ਼ਮਾਂ ਨਾਲ ਅਜੇ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ’ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਹਰ ਮੰਤਰੀ, ਵਿਧਾਇਕ ਅਤੇ ਹਲਕਾ ਇੰਚਾਰਜਜ ਨੂੰ ਘੇਰ ਕੇ ਇਹੀ ਸਵਾਲ ਪੁੱਛਾਂਗੇ ਕਿ ਸਾਨੂੰ ਰੈਗੂਲਰ ਕਰਨ ਲਈ ਕੀ ਕੀਤਾ ਹੈ। ਸਵਾਲ ਕਰਾਂਗੇ ਕਿ ‘ਗੋਲੀ ਮਾਰ ਦਿਓ ਜਾਂ ਸੇਵਾਵਾਂ ਰੈਗੂਲਰ ਕਰੋ’।
ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ
ਦਿੜ੍ਹਬਾ ਮੰਡੀ: ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਧਰਨੇ ’ਤੇ ਬੈਠੇ ਨਰੇਗਾ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਤੇ ਪਿੰਡਾਂ ਦੇ ਕਾਂਗਰਸੀ ਸਰਪੰਚ ਵੀ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਇੱਥੇ ਬਲਾਕ ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਦੀ ਸਰਪੰਚ ਗੁਰਸ਼ਰਨ ਕੌਰ ਮਝੈਲ ਤੇ ਯੂਥ ਕਾਂਗਰਸੀ ਆਗੂ ਸਤਨਾਮ ਸਿੰਘ ਮਝੈਲ ਨੇ ਦੱਸਿਆ ਕਿ 12 ਸਾਲਾਂ ਤੋਂ ਮਨਰੇਗਾ ਕਰਮਚਾਰੀ ਮਜ਼ਦੂਰਾਂ ਤੋਂ ਵੀ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਹਨ ਤੇ ਮਨਰੇਗਾ ਮੁਲਾਜ਼ਮਾਂ ਦੇ ਵਿਕਾਸ ਕਾਰਜਾਂ ਦੇ ਬਾਈਕਾਟ ਕਾਰਨ ਬਲਾਕ ਦਿੜ੍ਹਬਾ ਦੇ ਸਮੁੱਚੇ ਪਿੰਡਾਂ ਦੇ ਵਿਕਾਸ ਕਾਰਜ ਠੱਪ ਪਏ ਹਨ। ਇਸ ਮੌਕੇ ਯੂਥ ਕਾਂਗਰਸ ਆਗੂ ਸਤਨਾਮ ਮਝੈਲ ਅਤੇ ਦਿੜ੍ਹਬਾ ਬਲਾਕ ਦੇ ਸਮੁੱਚੇ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨਰੇਗਾ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਤਾਂ ਪਿੰਡਾਂ ਦੇ ਰੁਕੇ ਪਏ ਵਿਕਾਸ ਕਾਰਜਾਂ ਵਿੱਚ ਤੇਜ਼ੀ ਆ ਸਕੇ। -ਪੱਤਰ ਪ੍ਰੇਰਕ