ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਸਤੰਬਰ
ਪੰਜ ਜ਼ਿਲ੍ਹਿਆਂ ਦੀਆਂ ਮਿਡ-ਡੇਅ ਮੀਲ ਕੁੱਕ ਵਰਕਰਾਂ ਵਲੋਂ ਘੱਟੋ ਘੱਟ ਉਜਰਤਾਂ ਕਾਨੂੰਨ ਦੇ ਘੇਰੇ ਵਿਚ ਲਿਆਉਣ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਦੌਰਾਨ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੰਗ ਪੱਤਰ ਲੈਣ ਨਾ ਪੁੱਜਿਆ ਤਾਂ ਪ੍ਰਦਰਸ਼ਨਕਾਰੀ ਵਰਕਰਾਂ ਵਲੋਂ ਮੰਗ ਪੱਤਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਇੱਕ ਦਰੱਖਤ ਉਪਰ ਟੰਗ ਦਿੱਤਾ ਗਿਆ।
ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਦੀ ਅਗਵਾਈ ਹੇਠ ਪੰਜ ਜ਼ਿਲ੍ਹਿਆਂ ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਦੀਆਂ ਮਿਡ-ਡੇਅ ਮੀਲ ਕੁੱਕ ਵਰਕਰਾਂ ਇਥੇ ਬੱਸ ਸਟੈਂਡ ਨਜ਼ਦੀਕ ਇਕੱਠੀਆਂ ਹੋਈਆਂ ਜਿਥੋਂ ਰੋਸ ਮਾਰਚ ਕਰਦੀਆਂ ਹੋਈਆਂ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਪੁੱਜੀਆਂ ਅਤੇ ਧੂਰੀ-ਪਟਿਆਲਾ ਬਾਈਪਾਸ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਗਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਜਲ ਕੌਰ ਸੌਢਾ ਲਹਿਰਾ, ਸਿੰਦਰ ਕੌਰ ਸਬਿੀਆ, ਪਰਮਜੀਤ ਕੌਰ ਨਰਾਇਣਗੜ੍ਹ, ਲਖਵੀਰ ਕੌਰ ਜਗੇੜਾ, ਜਸਵੀਰ ਕੌਰ ਅਮਲੋਹ, ਮੁਕੇਸ਼ ਅਮਰਗੜ੍ਹ, ਕਮਲੇਸ਼ ਮਲੇਰਕੋਟਲਾ, ਪਰਮਜੀਤ ਕੌਰ ਮਲੋਟ, ਕੁਲਵੰਤ ਕੌਰ ਕਲਿਆਣ, ਸਹਿਨਾਜ ਮੂਨਕ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਰਵੱਈਏ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਡੰਗ ਟਪਾਊ ਨੀਤੀ ’ਤੇ ਚੱਲ ਰਹੀ ਹੈ। ਪੰਜਾਬ ਵਿੱਚ ਸਰਕਾਰੀ ਮਸ਼ੀਨਰੀ ਬਿਲਕੁਲ ਫੇਲ੍ਹ ਹੋ ਚੁੱਕੀ ਹੈ। ਲੋਕਾਂ ਦੀਆਂ ਤਕਲੀਫ਼ਾਂ ਦੀ ਕੋਈ ਸੁਣਵਾਈ ਨਹੀਂ। ਉਨ੍ਹਾਂ ਐਲਾਨ ਕੀਤਾ ਕਿ ਪਿੰਡਾਂ ’ਚ ਜਾਣ ’ਤੇ ਸਿੱਖਿਆ ਮੰਤਰੀ ਦਾ ਘਿਰਾਓ ਕਰਕੇ ਸਵਾਲ ਪੁੱਛੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਮਿਡ ਡੇਅ ਮੀਲ ਕੁੱਕ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆ ਕੇ ਸਰਕਾਰ ਆਪਣੇ ਵਾਅਦੇ ਅਨੁਸਾਰ ਕੁੱਕ ਦੀ ਤਨਖਾਹ ਤੁਰੰਤ ਦੁੱਗਣੀ ਕਰੇ, ਦੋ ਮਹੀਨੇ ਦੀ ਤਨਖਾਹ ਕੱਟਣੀ ਬੰਦ ਕਰੇ, ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਦੀ ਗਿਣਤੀ ਨੂੰ ਮਿਡ ਡੇਅ ਮੀਲ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ, ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲੈ ਕੇ ਛੁੱਟੀਆਂ ਤੈਅ ਕੀਤੀਆਂ ਜਾਣ, ਕੁੱਕ ਬੀਬੀਆਂ ਦਾ ਬੀਮਾ ਸਰਕਾਰ ਆਪਣੇ ਖ਼ਰਚ ’ਤੇ ਕਰਵਾਏ, ਬੀਏ ਤੱਕ ਦੀ ਯੋਗਤਾ ਵਾਲੀਆਂ ਕੁੱਕ ਬੀਬੀਆਂ ਨੂੰ ਮਿਡ ਡੇ ਮੀਲ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ, ਸਕੂਲ ਵਿੱਚ ਬੱਚੇ ਘੱਟਣ ’ਤੇ ਕੁੱਕ ਨੂੰ ਕੱਢਣ ਦਾ ਪੱਤਰ ਵਾਪਸ ਲਿਆ ਜਾਵੇ। ਇਸ ਮੌਕੇ ਅੰਜੂ ਰਾਣੀ, ਮਨਜੀਤ ਕੌਰ ਅਲੂਣਾ, ਮਨਜੀਤ ਕੌਰ ਜੱਲ੍ਹਾ, ਸਮਸ਼ੇਰ ਸਿੰਘ ਗਿੱਦੜਬਾਹਾ, ਕ੍ਰਿਸ਼ਨ ਲੁਬਾਣਾ, ਭਿੰਦਰ ਕੌਰ ਜਗੇੜਾ, ਹਰਦੀਪ ਕੌਰ ਨਥਾਣਾ ਆਦਿ ਨੇ ਵੀ ਸੰਬੋਧਨ ਕੀਤਾ।