ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਅਪਰੈਲ
ਲਾਲ ਝੰਡਾ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਮਿੱਡ-ਡੇਅ ਮੀਲ ਵਰਕਰਾਂ ਦੇ ਮਾਣ ਭੱਤੇ ਵਿਚ ਸਿਰਫ਼ 500/- ਰੁਪਏ ਕੀਤੇ ਵਾਧੇ ਨੂੰ ਨਕਾਰਦਿਆਂ ਰੋਸ ਵਿਖਾਵਾ ਕੀਤਾ ਗਿਆ ਅਤੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਬਣਾਏ ਲੇਬਰ ਐਕਟ ਅਨੁਸਾਰ 21 ਹਜ਼ਾਰ ਰੁਪਏ ਉਜਰਤ ਨਿਸ਼ਚਿਤ ਕੀਤੀ ਜਾਵੇ। ਮਾਣ ਭੱਤੇ ਵਿਚ ਨਿਗੂਣੇ ਵਾਧੇ ਦੇ ਰੋਸ ਵਜੋਂ ਯੂਨੀਅਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਮੇਲ ਕੌਰ ਬੀਰਕਲਾਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬਜੀਤ ਸਿੰਘ ਵੜੈਚ ਜ਼ਿਲ੍ਹਾ ਪ੍ਰਧਾਨ ਸੀਟੀਯੂ ਅਤੇ ਸੂਬਾ ਆਗੂ ਦੇਵ ਰਾਜ ਵਰਮਾ ਸ਼ਾਮਲ ਹੋਏ।
ਜ਼ਿਲ੍ਹਾ ਪ੍ਰਧਾਨ ਜਸਮੇਲ ਕੌਰ ਨੇ ਕਿਹਾ ਕਿ ਫਿਕਸ ਕੀਤੀ ਗਈ ਮਜ਼ਦੂਰੀ ਲੈਣਾ ਵਰਕਰਾਂ ਦਾ ਕਾਨੂੰਨੀ ਹੱਕ ਹੈ। ਸਰਬਜੀਤ ਸਿੰਘ ਵੜੈਚ ਨੇ ਕਿਹਾ ਕਿ ਚਾਰ ਸਾਲ ਲੰਘਾਉਣ ਤੋਂ ਬਾਅਦ ਕੈਪਟਨ ਸਰਕਾਰ 10 ਮਹੀਨਿਆਂ ਦਾ ਸਿਰਫ਼ 2200/-ਰੁਪਏ ਦੇ ਕੇ ਡੰਗ ਸਾਰ ਰਹੀ ਹੈ। ਨਾ ਕੋਈ ਮੈਡੀਕਲ ਛੁੱਟੀ, ਨਾ ਪ੍ਰਸਤੂਤਾ ਛੁੱਟੀ, ਨਾ ਵਰਦੀ, ਨਾ ਕਾਨੂੰਨ ਅਨੁਸਾਰ ਮਿਲੀਆਂ ਸਹੂਲਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਈ ਮਹੀਨੇ ਦੌਰਾਨ ਘੱਟੋ ਘੱਟ ਉਜਰਤ 21 ਹਜ਼ਾਰ ਰੁਪਏ ਨਾ ਕੀਤੀ ਗਈ ਤਾਂ ਜ਼ਿਲ੍ਹੇ ਅੰਦਰ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ, ਖੁਸ਼ਪ੍ਰੀਤ ਕੌਰ ਚੰਗਾਲ, ਨਿਰਮਲ ਕੌਰ ਸੁਨਾਮ, ਜੱਸੀ ਕੌਰ, ਗੁਰਮੀਤ ਕੌਰ ਸੰਗਤਪੁਰਾ, ਮਨਜੀਤ ਕੌਰ ਸੰਗਰੂਰ, ਮਨਪ੍ਰੀਤ ਕੌਰ ਆਦਿ ਵੀ ਸ਼ਾਮਲ ਸਨ।