ਪੱਤਰ ਪ੍ਰੇਰਕ
ਲਹਿਰਾਗਾਗਾ, 21 ਸਤੰਬਰ
ਇਸ ਵਰ੍ਹੇ ਨਰਮੇ ਦੀ ਫਸਲ ਬਿਮਾਰੀ ਰਹਿਤ ਹੋਣ ਕਰਕੇ ਜਿਥੇ ਚੰਗੇ ਝਾੜ ਦੇ ਆਸਾਰ ਹਨ, ਉਥੇ ਹੀ ਮਿਲ ਰਹੇ ਚੰਗੇ ਸ਼ੁਰੂਆਤੀ ਭਾਅ ਕਾਰਨ ਕਿਸਾਨ ਖੁਸ਼ ਹਨ। ਪਿਛਲੇ ਹਫਤੇ ਨਰਮੇ ਦਾ ਰੇਟ 9960 ਰੁਪਏ ਪ੍ਰਤੀ ਕੁਇੰਟਲ ਮਿਲਿਆ ਸੀ ਪਰ ਇਸ ਹਫਤੇ ਸੋਮਵਾਰ ਨੂੰ ਰੇਟ 200 ਰੁਪਏ ਥੱਲੇ ਡਿੱਗਣ ਕਾਰਨ ਕਿਸਾਨ ਚਿੰਤਤ ਜ਼ਰੂਰ ਸਨ ਪਰ ਅੱਜ ਕਿਸਾਨ ਮੁੜ ਨਰਮੇ ਦੀ ਫਸਲ ਨੂੰ ਖੁੱਲ੍ਹ ਕੇ ਵੇਚਣ ਲਈ ਲਿਆਏ ਹਨ। ਮਾਰਕਿਟ ਕਮੇਟੀ ਦੇ ਮਨੀ ਜਲੂਰ ਨੇ ਦੱਸਿਆ ਕਿ ਸਰਕਾਰ ਨੇ ਨਰਮੇ ਦਾ ਸਮਰਥਨ ਮੁੱਲ 6380 ਰੁਪਏ ਕੁਇੰਟਲ ਮਿਥਿਆ ਹੈ ਤੇ ਉਨ੍ਹਾਂ ਨਰਮਾ ਖਰੀਦਦਾਰਾਂ ਤੇ ਆੜ੍ਹਤੀਆਂ ਨੂੰ ਵੱਧ ਤੋਂ ਵੱਧ ਮਾਰਕੀਟ ਰੇਟ 9960-9400 ’ਤੋ ਵੱਧ ’ਤੇ ਬੋਲੀ ਕਰਵਾਉਣ ਲਈ ਬਾਕਾਇਦਾ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਨਰਮਾ ਵੇਚਣ ਆਏ ਕੋਟੜਾ ਲਹਿਲ ਦੇ ਨਿਰਮਲ ਸਿੰਘ, ਭਗਵਾਨ ਸ਼ਰਮਾ ਹਰਿਆਓ, ਗੁਰਤੇਜ ਸਿੰਘ ਹਰਿਆਓ ਨੇ ਦੱਸਿਆ ਕਿ ਪਹਿਲੀ ਚੁਗਾਈ ਦਾ ਝਾੜ ਤਿੰਨ ਮਣ ਨਿਕਲਣ ਕਰਕੇ ਚੰਗਾ ਹੈ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ ਤੇ ਵਪਾਰ ਮੰਡਲ ਦੇ ਪ੍ਰਧਾਨ ਨਰਾਤਾ ਰਾਮ ਫਤਿਹਗੜ੍ਹ, ਧਰਮ ਪਾਲ ਘੱਟੀ ਨੇ ਦੱਸਿਆ ਕਿ ਨਰਮੇ ਦੀ ਕਾਸ਼ਤ ਹੇਠਲਾ ਰਕਬਾ ਘਟਣ ਕਾਰਨ ਕਪਾਹ ਮਿਲ ਮਾਲਕਾਂ ਨੂੰ ਪੂਰਾ ਨਰਮਾ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਇਸ ਕਰਕੇ ਇਥੇ ਸਿਰਫ ਕ੍ਰਿਸ਼ਨਾ ਕਾਟਨ ਮਿਲ, ਨਿਤਿਨ ਕਾਟਨ ਮਿਲ ਤੇ ਵਿਜੈ ਕੁਮਾਰ ਐਂਡ ਸੰਨਜ਼ ਕਾਟਨ ਮਿਲ ਨਰਮੇ ਦੀ ਖਰੀਦ ਕਰ ਰਹੇ ਹਨ। ਇਸ ਵੇਲੇ ਕਪਾਹ ਯਾਰਡ ਦੀ ਥਾਂ ਨਰਮੇ ਦੀਆਂ ਛੋਟੀਆਂ ਢੇਰੀਆਂ ਪੁਰਾਣੀ ਅਨਾਜ ਮੰਡੀ ਵਿੱਚ ਹੀ ਸੁੱਟੀਆਂ ਜਾ ਰਹੀਆਂ ਸਨ। ਖੇਤੀ ਵਿਭਾਗ ਦੇ ਜ਼ਿਲ੍ਹਾ ਖੇਤੀ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਮੌਸਮ ਨਰਮੇ ਲਈ ਠੀਕ ਰਹਿਣ ਕਾਰਨ ਫਸਲ ਦੀ ਪੈਦਾਵਾਰ ਵਧਣ ਦੇ ਅਸਾਰ ਹਨ।