ਅਮਰਗੜ੍ਹ: ਸਿਹਤ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਸਮੇਸ਼ ਲੈਂਡਫੋਰਸ ਫੈਕਟਰੀ ਦਾ ਦੌਰਾ ਕੀਤਾ। ਇਸ ਮੌਕੇ ਐਮਡੀ ਸਵਰਨਜੀਤ ਸਿੰਘ ਤੇ ਐਮਡੀ ਸਰਬਜੀਤ ਸਿੰਘ ਨੇ ਫੈਕਟਰੀ ਨੂੰ ਆ ਰਹੀਆਂ ਮੁਸ਼ਕਲਾਂ ਤੇ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਤੇ ਫੈਕਟਰੀ ਵਿੱਚ ਕੰਬਾਈਨ, ਰੋਟਾਵੇਟਰ, ਰੀਪਰ ਤੇ ਹੋਰ ਖੇਤੀਬਾੜੀ ਸੰਦ ਤਿਆਰ ਕਰ ਕੇ ਵੱਖ-ਵੱਖ ਸੂਬਿਆਂ ਵਿੱਚ ਵੇਚਣ ਬਾਰੇ ਦੱਸਿਆ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਅਜਿਹੇ ਪ੍ਰਾਜੈਕਟਾਂ ਵੱਲ ਧਿਆਨ ਦੇ ਰਹੀ ਹੈ ਜਿਸ ਨਾਲ ਜਿੱਥੇ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਉੱਥੇ ਰੁਜ਼ਗਾਰ ਦੀ ਸਮੱਸਿਆ ਵੀ ਦੂਰ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਵਿੱਚੋਂ ਦੂਜੇ ਸੂਬਿਆਂ ਦੀ ਲੇਬਰ ਜਾਣ ਨਾਲ ਇੱਥੇ ਲੇਬਰ ਦੀ ਭਾਰੀ ਘਾਟ ਹੈ ਜਿਸ ਨੂੰ ਮਸ਼ੀਨਰੀ ਨਾਲ ਪੂੁਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਫੈਕਟਰੀ ਦਾ ਕੰਮ ਕਾਰ ਦੇਖ ਕੇ ਤਸੱਲੀ ਪ੍ਰਗਟਾਈ। -ਪੱਤਰ ਪ੍ਰੇਰਕ