ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਜੂਨ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਕਲਮ ਛੋੜ ਹੜਤਾਲ 7ਵੇਂ ਦਿਨ ਵਿੱਚ ਪੁੱਜ ਗਈ ਹੈ। ਅੱਜ ਮੁਲਾਜ਼ਮਾਂ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਾਕੇਸ਼ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਦੇ ਮਨਿਸਟੀਰੀਅਲ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਗੇਟ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਸਰਪ੍ਰਸਤ ਬਲਵਿੰਦਰ ਸੋਹੀ, ਸੀਨੀਅਰ ਮੀਤ ਪ੍ਰਧਾਨ ਮਾਲਵਿੰਦਰ ਹਰੀਗੜ੍ਹ, ਅਨੁਜ ਸ਼ਰਮਾ ਪ੍ਰੈੱਸ ਸਕੱਤਰ, ਪਰਮਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਅੰਮ੍ਰਿਤਪਾਲ ਕੌਰ ਜਨਰਲ ਸਕੱਤਰ ਇਸਤਰੀ ਵਿੰਗ, ਸੰਦੀਪ ਕੌਰ ਫੂਡ ਸਪਲਾਈ, ਸ਼ੇਰ ਸਿੰਘ ਲੱਡਾ ਮੀਤ ਪ੍ਰਧਾਨ, ਹਰਵਿੰਦਰ ਸਿੰਘ ਭਲਵਾਨ, ਨਵੀਨ ਪ੍ਰਾਸ਼ਰ ਵਿੱਤ ਸਕੱਤਰ ਨੇ ਕਿਹਾ ਕਿ 22 ਜੂਨ ਤੋਂ ਸੂਬੇ ਦਾ ਮਨਿਸਟੀਰੀਅਲ ਕੇਡਰ ਹੜਤਾਲ ’ਤੇ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਕਰਨ ਹਿੱਤ ਗੱਲਬਾਤ ਦਾ ਕੋਈ ਸੱਦਾ ਨਹੀਂ ਆਇਆ, ਜਿਸ ਕਾਰਨ ਕਲਮ ਛੋੜ ਹੜਤਾਲ 30 ਜੂਨ ਤੱਕ ਵਧਾਈ ਜਾ ਰਹੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ 10-15 ਸਾਲਾਂ ਤੋਂ ਨੌਕਰੀ ਕਰਦੇ ਕੱਚੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਜੇ ਕੋਈ ਰੈਗੂਲਰ ਹੁੰਦਾ ਹੈ ਤਾਂ 3 ਸਾਲ ਸਿਰਫ ਮੁੱਢਲੀ ਤਨਖਾਹ ਦੇ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਦੌਰਾਨ ਆਗੂਆਂ ਨੇ ਪੇਅ ਕਮਿਸ਼ਨ ਵਿੱਚ 3.01 ਦੀ ਰੇਸ਼ੋ ਨਾਲ ਵਾਧਾ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਤੁਰੰਤ ਜਾਰੀ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਮੰਗਾਂ ਨੂੰ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੁੰਭਕਰਨੀ ਨੀਂਦ ਨੂੰ ਤੋੜਨ ਲਈ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ 30 ਜੂਨ ਤੱਕ ਵਧਾਈ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆਂ ਗਈਆਂ ਤਾਂ ਹੜਤਾਲ ਹੋਰ ਲੰਮੀ ਹੋ ਸਕਦੀ ਹੈ।
ਬੀਡੀਪੀਓ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ‘ਕੰਮ ਛੱਡੋ’ ਹੜਤਾਲ
ਸਮਾਣਾ (ਨਿੱਜੀ ਪੱਤਰ ਪ੍ਰੇਰਕ): ਬੀ.ਡੀ.ਪੀ.ਓ ਦਫ਼ਤਰ ਸਮਾਣਾ ਵਿੱਚ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਨੇ ਸਰਕਾਰੀ ਦਫ਼ਤਰਾਂ ਵਿੱਚ ਚੱਲ ਰਹੀ ਕੰਮ ਛੱਡੋ ਹੜਤਾਲ ਦੇ ਸਮਰਥਨ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ। ਉਨ੍ਹਾਂ ਨੇ ਛੇਵੇਂ ਤਨਖਾਹ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ, 2016 ਤੋਂ ਡੀ.ਏ ਦੇ ਬਕਾਏ ਨੂੰ ਇਕੱਠਾ ਨਗਦ ਰੂਪ ਵਿੱਚ ਦੇਣ ਅਤੇ 2004 ਤੋਂ ਬੰਦ ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਗਤਾਰ ਲਾਲ, ਸੁਮਿਤ ਉੱਪਲ, ਅਨੁਰਾਗ, ਵਿਸ਼ਾਲ, ਬਲਜੀਤ ਸਿੰਘ, ਕਪਿਲ ਪਾਠਕ, ਭੁਪਿੰਦਰ ਸਿੰਘ ਹਾਜ਼ਰ ਸਨ।