ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਜੂਨ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ’ਚ ਭਾਜਪਾ ਬਾਰੇ ਜਿਹੜੇ ਭਰਮ ਭੁਲੇਖੇ ਸੀ, ਉਹ ਦੂਰ ਹੋ ਗਏ ਹਨ। ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਸੱਚਾ ਸਾਥੀ ਸਿਰਫ਼ ਨਰਿੰਦਰ ਮੋਦੀ ਹੈ। ਅਸ਼ਵਨੀ ਸ਼ਰਮਾ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਾਲ ਪਾਰਟੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਉਮੀਦਵਾਰ ਕੇਵਲ ਢਿੱਲੋਂ ਤੇ ਹੋਰ ਆਗੂ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਸੰਗਰੂਰ ਸੰਸਦੀ ਸੀਟ ਦੀ ਚੋਣ ਸਿਰਫ਼ ਦੋ ਸਾਲਾਂ ਲਈ ਹੈ। ਇਹ ਚੋਣ ਦੋ ਸਾਲ ਦਾ ਟਰੇਲਰ ਹੈ ਜਦੋਂ ਕਿ ਸੰਨ 2024 ਦੀ ਲੋਕ ਅਤੇ 2027 ਦੀ ਅਸੈਂਬਲੀ ਚੋਣ ’ਚ ਭਾਜਪਾ ਵੱਡੀ ਭੂਮਿਕਾ ਨਾਲ ਲੜੇਗੀ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ,‘ਭਾਜਪਾ ਨੂੰ ਦੋ ਸਾਲ ਦੇ ਦਿਓ, ਸੰਗਰੂਰ ਦੀ ਨੁਹਾਰ ਬਦਲ ਦਿਆਂਗੇ ਅਤੇ ਸੰਗਰੂਰ ਹਲਕੇ ਦਾ ਭਲਾ ਸਿਰਫ਼ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਹੀ ਕਰ ਸਕਦਾ ਹੈ।’ ਅਸ਼ਵਨੀ ਸ਼ਰਮਾ ਨੇ ‘ਅਗਨੀਪਥ’ ਸਕੀਮ ਨੂੰ ਦੇਸ਼ ਦੇ ਨੌਜਵਾਨਾਂ ਲਈ ਫਾਇਦੇਮੰਦ ਕਰਾਰ ਦਿੱਤਾ। ਅਗਨੀਪਥ ਦਾ ਵਿਰੋਧ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦਾ ਫੈਸ਼ਨ ਬਣ ਗਿਆ ਹੈ ਕਿ ਨਰਿੰਦਰ ਮੋਦੀ ਕੁਝ ਵੀ ਕਰੇ, ਉਸਦਾ ਵਿਰੋਧ ਕਰੋ। ਇਨ੍ਹਾਂ ਪਾਰਟੀਆਂ ਨੂੰ ਡਰ ਹੈ ਕਿ ਜੇ ਇਹ ਸਕੀਮ ਲਾਗੂ ਹੋ ਗਈ ਤਾਂ 2024 ਤਾਂ ਹੱਥੋਂ ਗਿਆ ਹੀ ਅਤੇ 2029 ਵੀ ਹੱਥ ਨਹੀਂ ਆਉਣਾ।