ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਧੂਰੀ, 12 ਸਤੰਬਰ
ਇੱਥੇ ਅੱਜ ਹਰਿਆਲੀ ਮਿਸ਼ਨ -2022 ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਧੂਰੀ ਵਿੱਚ ਗੁਰੂ ਨਾਨਕ ਬਗੀਚੀ ਲਗਾ ਕੇ ਕੀਤਾ। ਉਨ੍ਹਾਂ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਪੌਦਿਆਂ ਦੇ ਮਹੱਤਵ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਨੇ ਮਿਲ ਕੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 24 ਘੰਟਿਆਂ ਵਿੱਚ ਪੰਜ ਲੱਖ ਤੋਂ ਵਧੇਰੇ ਪੌਦੇ ਲਗਾਏ ਸਨ। ਇਸ ਮੌਕੇ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਫਾਊਂਡੇਸ਼ਨ ਸਿੱਖਿਆ ਦੇ ਨਾਲ ਨਾਲ ਸਿਹਤ ਅਤੇ ਵਾਤਾਵਰਨ ਖੇਤਰ ਵਿੱਚ ਵੀ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ 21 ਸਤੰਬਰ ਨੂੰ ਧੂਰੀ ਵਿੱਚ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੈਂਸਰ ਚੈਕਅਪ ਅਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਦੇ ਆਡੀਟੋਰੀਅਮ ਵਿੱਚ ਹੋਏ ਪ੍ਰੋਗਰਾਮ ਦੌਰਾਨ ਸੰਸਥਾ ਦੇ ਚੇਅਰਮੈਨ ਹਰਪਾਲ ਸਿੰਘ, ਸੰਸਥਾ ਦੇ ਪ੍ਰਿੰਸੀਪਲ ਗੁਰਵਿੰਦਰ ਕੌਰ ਹਾਜ਼ਰ ਸਨ। ਇਸ ਮੌਕੇ ‘ਆਪ’ ਨੇਤਾ ਜੱਸੀ ਸੇਖੋਂ, ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਸੰਜੈ ਗੁਪਤਾ ਮੌਜੂਦ ਸਨ।
ਹਰਿਆਲੀ ਮਿਸ਼ਨ ਤਹਿਤ ਪੌਦੇ ਲਗਾਏ
ਦੇਵੀਗੜ੍ਹ (ਪੱਤਰ ਪ੍ਰੇਰਕ): ਡਾ. ਬੀਐਸ ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹਖੇੜੀ ਵਿੱਚ ‘ਹਰਿਆਲੀ ਮਿਸ਼ਨ 2022’ ਦੀ ਸ਼ੁਰੂਆਤ ਚੇਅਰਮੈਨ ਹਰਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਪੌਦਾ ਲਗਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ਼ ਸਕੂਲ ਪ੍ਰਿੰਸੀਪਲ ਰਜਿੰਦਰ ਕੌਰ ਸੰਧੂ ਅਤੇ ਵਣ ਰੇਂਜ ਅਫ਼ਸਰ ਪਟਿਆਲਾ ਸਵਰਨ ਸਿੰਘ, ਰਿਟਾਇਰ ਵਣ ਰੇਂਜ ਅਫ਼ਸਰ ਹਜ਼ੂਰਾ ਸਿੰਘ, ਵਣ ਬਲਾਕ ਅਫ਼ਸਰ ਰਾਜ ਕੁਮਾਰ, ਫੋਰੈਸਟ ਗਾਰਡ ਕੁਲਵਿੰਦਰ ਸਿੰਘ ਅਤੇ ਵੀਟ ਅਫ਼ਸਰ ਭੁੰਨਰਹੇੜੀ ਗੁਰਪ੍ਰੀਤ ਸਿੰਘ ਸ਼ਾਮਲ ਸਨ। ਇਸ ਉਪਰੰਤ ਬੱਚਿਆਂ ਨੂੰ ਪੌਦੇ ਵੰਡੇ ਗਏ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਹੋਰ ਪੌਦੇ ਲਗਾਉਣ ਅਤੇ ਰੁੱਖਾਂ ਦੀ ਸਾਂਭ ਸੰਭਾਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ।