ਮੇਜਰ ਸਿੰਘ ਮੱਟਰਾਂ
ਭਵਾਨੀਗੜ, 12 ਸਤੰਬਰ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਸਥਿਤ ਬਾਲਦ ਕੈਂਚੀਆਂ ਵਿਖੇ ਗੰਦੇ ਪਾਣੀ ਦੇ ਨਿਕਾਸ ਸਬੰਧੀ ਸਮੱਸਿਆ ਦਾ ਜਾਇਜ਼ਾ ਲੈਣ ਲਈ ਪਹੁੰਚੇ।
ਇੱਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ ਵਿੱਚ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਦੀ ਪਾਣੀ ਦੇ ਨਿਕਾਸ ਸਬੰਧੀ ਸਮੱਸਿਆ ਨੂੰ ਲੈ ਕੇ ਖਬਰ ਛਪੀ ਸੀ ਅਤੇ ਉਸੇ ਦਿਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ। ਅੱਜ ਵਿਧਾਇਕ ਭਰਾਜ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਸਮੇਤ ਬਾਲਦ ਕੈਂਚੀਆਂ ਵਿਖੇ ਗੰਦੇ ਪਾਣੀ ਦੇ ਨਿਕਾਸ ਬਾਰੇ ਸਾਰੇ ਪੱਖਾਂ ਨੂੰ ਘੋਖਿਆ। ਇਸ ਮੌਕੇ ਦੁਕਾਨਦਾਰ ਤੇਜਾ ਸਿੰਘ, ਸੁਖਦੇਵ ਸਿੰਘ, ਨੂਰ ਖਾਂ, ਸੁਰਜੀਤ ਸਿੰਘ, ਰਾਜੇਸ਼ ਕੁਮਾਰ, ਬਲਦੇਵ ਸਿੰਘ, ਜਗਦੇਵ ਸਿੰਘ, ਗੁਰਧਿਆਨ ਸਿੰਘ, ਕਰਮਜੀਤ ਸਿੰਘ ਵੈਦ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਣ ਪਿਛਲੇ ਲੰਮੇਂ ਸਮੇਂ ਤੋਂ ਸਾਰਾ ਗੰਦਾ ਪਾਣੀ ਮੁੱਖ ਮਾਰਗ ’ਤੇ ਖੜ੍ਹਾ ਹੈ। ਇਸ ਗੰਦੇ ਪਾਣੀ ਕਾਰਣ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਖੀਰ ਵਿੱਚ ਵਿਧਾਇਕ ਭਰਾਜ ਨੇ ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਨੂੰ ਇਹ ਸਮੱਸਿਆ ਜਲਦੀ ਹੱਲ ਕਰਨ ਦਾ ਵਿਸਵਾਸ਼ ਦਿਵਾਇਆ।