ਬੀਰਬਲ ਰਿਸ਼ੀ
ਸ਼ੇਰਪੁਰ, 24 ਨਵੰਬਰ
ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਹਲਕਾ ਧੂਰੀ ਨਾਲ ਸਬੰਧਤ ਬਲਾਕ ਸ਼ੇਰਪੁਰ ਦੇ ਪਿੰਡਾਂ ਸਮੇਤ ਕੁੱਲ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕੋ ਦਿਨ ’ਚ ਜਿੱਥੇ 1 ਕਰੋੜ 46 ਲੱਖ ਦੀਆਂ ਗਰਾਂਟਾਂ ਦੇ ਗੱਫੇ ਦੇ ਕੇ ਨਿਵਾਜਿਆ ਗਿਆ, ਉੱਥੇ ਹੀ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਵਿਕਾਸ ਕਾਰਜ ਕਾਹਲੇ ਕਦਮੀ ਅੱਗੇ ਤੋਰਨ ਦੀਆਂ ਸਖ਼ਤ ਹਦਾਇਤਾਂ ਵੀ ਦਿੱਤੀਆਂ। ਇਤਿਹਾਸਕ ਪਿੰਡ ਮੂਲੋਵਾਲ ਨੂੰ 17 ਲੱਖ, ਅਲਾਲ 18.50, ਸੁਲਤਾਨਪੁਰ 10.50 ਲੱਖ, ਧੰਦੀਵਾਲ 15 ਲੱਖ, ਕੁੰਭੜਵਾਲ 13 ਲੱਖ, ਬਾਲੀਆ 32.50 ਲੱਖ, ਕਿਲਾ ਹਕੀਮਾ 8.50 ਲੱਖ, ਕਾਂਝਲੀ 16 ਲੱਖ 21 ਹਜ਼ਾਰ ਅਤੇ ਲੱਡਾ ਨੂੰ 15 ਲੱਖ ਦੀਆਂ ਗਰਾਂਟਾਂ ਦੇਣ ਮੌਕੇ ਜਨਤਕ ਇਕੱਠਾਂ ਨੂੰ ਵਿਧਾਇਕ ਗੋਲਡੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਏ ਮੁੱਖ ਮੰਤਰੀ ਹਨ ਜਿਹੜੇ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਲਿਜਾਣਾ ਚਾਹੁੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਨਿੱਜੀ ਸਹਾਇਕ ਇੰਦਰਜੀਤ ਸਿੰਘ ਕੱਕੜਵਾਲ, ਹਨੀ ਤੂਰ, ਜ਼ਿਲ੍ਹਾ ਪਰਿਸ਼ਦ ਮੈਂਬਰ ਇੰਦਰਪਾਲ ਗੋਲਡੀ ਤੇ ਟਰੱਕ ਯੂਨੀਅਨ ਪ੍ਰਧਾਨ ਜੀਤ ਸਿੰਘ ਆਦਿ ਹਾਜ਼ਰ ਸਨ।
ਪਿੰਡਾਂ ਦੇ ਵਿਕਾਸ ਲਈ 1.9 ਕਰੋੜ ਦੇ ਚੈੱਕ ਵੰਡੇ
ਧੂਰੀ (ਖੇਤਰੀ ਪ੍ਰਤੀਨਿਧ): ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਪਿੰਡ ਭਸੌੜ, ਬੇਲੇਵਾਲ, ਜੈਨਪੁਰ, ਖੇੜੀ ਜੱਟਾਂ, ਲੁਹਾਰ ਮਾਜਰਾ, ਬੰਗਾਂਵਾਲੀ, ਮਾਨਾਂ, ਧਾਂਦਰਾ, ਰੁਲਦੂ ਸਿੰਘ ਵਾਲਾ ਅਤੇ ਰਾਜਿੰਦਰਾਪੁਰੀ ਦੇ ਦੌਰੇ ਦੌਰਾਨ ਪਿੰਡਾਂ ਦੇ ਵਿਕਾਸ ਲਈ 1 ਕਰੋੜ 9 ਲੱਖ 80 ਹਜ਼ਾਰ ਰੁਪਏ ਦੇ ਚੈੱਕ ਵੰਡੇ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਚੰਨੀ ਵੱਲੋਂ ਕੇਬਲ ਮਾਫੀਏ ਵਿਰੁੱਧ ਜੰਗ ਦਾ ਐਲਾਨ ਕਰਨ ਵਾਲੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੇਬਲ ਟੀ.ਵੀ. ਕੁਨੈਕਸ਼ਨ ਦੀ ਦਰ 100 ਰੁਪਏ ਮਹੀਨਾ ਤੈਅ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਸੂਬਾ ਭਰ ਵਿਚੋਂ ਕੇਬਲ ਮਾਫੀਆ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਭਲੇ ਲਈ ਕਈ ਇਤਿਹਾਸਕ ਫੈਸਲੇ ਲਏ ਹਨ। ਇਸ ਮੌਕੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਮੁਨੀਸ਼ ਗਰਗ, ਹਨੀ ਤੂਰ, ਜ਼ਿਲ੍ਹਾ ਪਰਿਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਗੁਰਪਿਆਰ ਸਿੰਘ ਧੂਰਾ, ਅੱਛਰਾ ਸਿੰਘ ਭਲਵਾਨ, ਰਣਜੀਤ ਸਿੰਘ ਕਾਕਾ ਈਸੀ ਆਦਿ ਵੀ ਕਾਂਗਰਸੀ ਵਰਕਰ ਹਾਜ਼ਰ ਸਨ।