ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਮਾਰਚ
ਇੱਥੇ ਮਾਰਕੀਟ ਕਮੇਟੀ ਦਫ਼ਤਰ ’ਚ ਐੱਸਡੀਐੱਮ ਨਵਨੀਤ ਕੌਰ ਸੇਖੋਂ ਦੀ ਅਗਵਾਈ ’ਚ ਅੱਜ ਲਹਿਰਾਗਾਗਾ, ਮੂਨਕ ਤੇ ਖਨੌਰੀ ਦੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਸੱਦੀ। ਮੀਟਿੰਗ ਦੀ ਪ੍ਰਧਾਨਗੀ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕੀਤੀ। ਗੋਇਲ ਨੇ ਵੱਖ ਵੱਖ ਵਿਭਾਗਾਂ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਭਵਿੱਖ ’ਚ ਹੋਣ ਵਾਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਮੁਲਾਜ਼ਮ, ਸਰਕਾਰ ਦਾ ਅਹਿਮ ਅੰਗ ਹੁੰਦੇ ਹਨ, ਇਸ ਲਈ ਕਰਮਚਾਰੀਆਂ ਨੂੰ ਸਰਕਾਰ ਦੇ ਆਦੇਸ਼ਾਂ ਤੇ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਦੀ ਲੋੜ ਹੈ। ਉਨ੍ਹਾਂ ਕਰਮਚਾਰੀਆਂ ਨੂੰ ਅਨੁਸ਼ਾਸਨ ਰੱਖਣ, ਸਮੇਂ ਸਿਰ ਡਿਊਟੀ ’ਤੇ ਹਾਜ਼ਰ ਹੋਣ, ਆਮ ਲੋਕਾਂ ਦੇ ਕੰਮ ਭ੍ਰਿਸ਼ਟਾਚਾਰ ਤੋਂ ਰਹਿਤ ਰਹਿ ਕੇ ਪਹਿਲ ਦੇ ਆਧਾਰ ’ਤੇ ਕਰਨ, ਲੋਕਾਂ ਨਾਲ ਵਿਵਹਾਰ ਲੋਕ ਪੱਖੀ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਡਾ. ਬੀ ਆਰ ਅੰਬੇਡਕਰ ਦੀ ਸੋਚ ’ਤੇ ਪਹਿਰਾ ਦੇਵੇਗੀ, ਇਸ ਲਈ ਕਰਮਚਾਰੀ ਦਫਤਰਾਂ ’ਚ ਇਨ੍ਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਾਉਣ ਤਾਂ ਜੋ ਇਨ੍ਹਾਂ ਦੀ ਸੋਚ ਨੂੰ ਹਰ ਸਮੇਂ ਯਾਦ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਦੋਖੀ ਨੂੰ ਬਖਸ਼ਣ ਦੀ ਥਾਂ ਉਸ ਖ਼ਿਲਾਫ਼ ਕਾਰਵਾਈ ਨੂੰ ਪਹਿਲ ਦੇਵੇਗੀ। ਉਨ੍ਹਾਂ ਪੁਲੀਸ ਨੂੰ ਗੁਆਂਢੀ ਸੂਬੇ ਹਰਿਆਣਾ ਰਾਹੀਂ ਹੋ ਰਹੀ ਨਸ਼ਾ ਤਸਕਰੀ ਰੋਕਣ ਦੀ ਸਖ਼ਤ ਹਦਾਇਤ ਕੀਤੀ। ਐੱਸਡੀਐੱਮ ਨਵਨੀਤ ਕੌਰ ਤੇ ਉਪ ਪੁਲੀਸ ਕਪਤਾਨ ਮਨੌਜ ਗੋਰਸੀ ਨੇ ਭਰੋਸਾ ਦਿੱਤਾ ਕਿ ਨਵੀਂ ਸਰਕਾਰ ਦੀਆਂ ਨੀਤੀਆਂ ਤੇ ਆਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਕਰਮਚਾਰੀਆਂ ਵਚਨਬੱਧ ਰਹਿਣਗੇ।