ਪੱਤਰ ਪ੍ਰੇਰਕ
ਸ਼ੇਰਪੁਰ, 19 ਮਾਰਚ
ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਸ਼ੀਰਵਾਦ ਸਦਕਾ ਹਲਕੇ ਦੇ ਪਿੰਡਾਂ ਨੂੰ ਵਿਕਾਸ ਦੀਆਂ ਲੀਹਾਂ ‘ਤੇ ਕਾਹਲੇ ਕਦਮੀ ਅੱਗੇ ਤੋਰਨ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਖੰਗੂੜਾ ਪਿੰਡ ਘਨੌਰੀ ਕਲਾਂ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਵਿਸ਼ੇਸ਼ ਸਹਿਯੋਗ ਨਾਲ ਸਕੂਲ ਦੇ ਕਮਰੇ ਲਈ 5.70 ਲੱਖ, ਰੰਗ ਲਈ ਦੋ ਲੱਖ, ਗੇਟ ਲਈ ਦੋ ਲੱਖ ਸਮੇਤ ਪ੍ਰਾਪਤ ਹੋਰ ਗਰਾਂਟਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਨੂੰ ਨਵੀਂ ਮਿਲੀ ਦਿੱਖ ਮਗਰੋਂ ਇਸ ਸਮਾਰਟ ਸਕੂਲ ਦੇ ਨੇਪਰੇ ਚੜ੍ਹੇ ਕਾਰਜਾਂ ਦਾ ਰਸਮੀ ਉਦਘਾਟਨ ਕਰ ਰਹੇ ਸਨ।
ਵਿਧਾਇਕ ਖੰਗੂੜਾ ਨੇ ਕਿਹਾ ਕਿ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾ ਕੇ ਸ਼ਹਿਰਾਂ ਦੀ ਤਰ੍ਹਾਂ ਸਹੂਲਤਾਂ ਦੇਣ ਦੀ ਯੋਜਨਾ ਹੈ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਹੈਪੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਹੈਪੀ, ਕਾਂਗਰਸੀ ਆਗੂ ਕਾਕਾ ਤੂਰ, ਪ੍ਰਿੰਸੀਪਲ ਪਰਮਜੀਤ ਸਿੰਘ, ਬੀਡੀਪੀਓ ਸ਼ੇਰਪੁਰ ਜੁਗਰਾਜ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਪੀਟੀਆਈ ਮਾਸਟਰ ਬਲਵੀਰ ਸਿੰਘ ਬਾਦਸ਼ਾਹਪੁਰ, ਜੁਗਰਾਜ ਸਿੰਘ, ਮਲਕੀਤ ਸਿੰਘ (ਦੋਵੇਂ ਪੰਚ) ਆਦਿ ਹਾਜ਼ਰ ਸਨ।