ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 16 ਸਤੰਬਰ
ਡੈਮੋਕਰੈਟਿਕ ਮਨਰੇਗਾ ਫਰੰਟ (ਡੀਐੱਮਐੱਫ) ਬਲਾਕ ਸੁਨਾਮ ਵਲੋਂ ਅੱਜ ਬਲਾਕ ਤੇ ਪੰਚਾਇਤ ਅਫਸਰ ਸੁਨਾਮ ਖ਼ਿਲਾਫ਼ ਰੋਹ ਭਰਪੂਰ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਬੰਧਤ ਅਧਿਕਾਰੀ ਅਤੇ ਦਫ਼ਤਰੀ ਅਮਲੇ ’ਤੇ ਮਗਨਰੇਗਾ ਕਾਮਿਆਂ ਨੂੰ ਖੱਜਲ-ਖੁਆਰ ਕਰਨ ਅਤੇ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ। ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ, ਨਿਰਮਲਾ ਕੌਰ ਧਰਮਗੜ੍ਹ, ਖੁਸ਼ਿਵੰਦਰ ਕੌਰ ਸੂਲਰ, ਬਲਾਕ ਪ੍ਰਧਾਨ ਕਸਮੀਰ ਕੌਰ ਜਵੰਦਾ, ਹਰਪਾਲ ਕੌਰ ਟਿੱਬੀ, ਸੁਖਵਿੰਦਰ ਕੌਰ ਘਾਸੀਵਾਲ, ਬਲਜੀਤ ਕੌਰ ਸਤੌਜ, ਗੁਰਧਿਆਨ ਕੌਰ ਨਮੋਲ, ਸਰਬਜੀਤ ਕੌਰ ਅਮਰੂਕੋਟੜਾ, ਸੋਮਾ ਰਾਣੀ ਨਮੋਲ, ਸੁਖਜੀਤ ਕੌਰ ਜਖੇਪਲ, ਪਿੰਕੀ ਰਾਣੀ ਖੇੜੀਨਾਗਾ ਅਤੇ ਗੁਰਸੇਵਕ ਸਿੰਘ ਧਰਮਗੜ੍ਹ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਕੰਮ ਦੀ ਮੰਗ ਦੀਆਂ ਲਿਖਤੀ ਅਰਜ਼ੀਆਂ ਕਾਨੂੰਨ ਅਨੁਸਾਰ ਬੀਡੀਪੀਓ ਦਫ਼ਤਰ ਸੁਨਾਮ ’ਚ ਦੇਣ ਲਈ ਆਉਂਦੇ ਰਹੇ ਪਰ ਸਬੰਧਤ ਅਧਿਕਾਰੀ ਤੇ ਦਫ਼ਤਰੀ ਅਮਲਾ ਇਹ ਅਰਜ਼ੀਆਂ ਫੜਨ ਤੋਂ ਇਨਕਾਰ ਕਰਦਾ ਰਿਹਾ, ਜਦੋਂ ਕਿ ਕੰਮ ਮੰਗਣ ਆਉਣ ਵਾਲੇ ਮਨਰੇਗਾ ਕਾਮਿਆਂ ਨਾਲ ਵੀ ਸੰਜੀਦਾ ਵਿਹਾਰ ਨਹੀਂ ਕੀਤਾ ਜਾਂਦਾ ਸੀ। ਜਥੇਬੰਦੀ ਨੇ ਮੰਗ ਰੱਖੀ ਕਿ ਇਸ ਸਬੰਧੀ ਫਰੰਟ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕੀਤਾ ਜਾਵੇ, ਮਨਰੇਗਾ ਕਾਨੂੰਨ ਅਨੁਸਾਰ ਮੰਗ ਅਧਾਰਿਤ 100 ਦਿਨ ਦੇ ਪੱਕੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ। ਦੂਜੇ ਪਾਸੇ ਧਰਨੇ ’ਚ ਪੁੱਜੇ ਬਲਾਕ ਅਤੇ ਪੰਚਾਇਤ ਅਫਸਰ ਸੰਜੀਵ ਕੁਮਾਰ ਨੇ ਜਿੱਥੇ ਮਨਰੇਗਾ ਕਾਮਿਆਂ ਪਾਸੋਂ ਮੰਗ ਪੱਤਰ ਪ੍ਰਾਪਤ ਕੀਤਾ, ਉੱਥੇ ਉਨ੍ਹਾਂ ਦੇ ਮਸਲੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।