ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਗਸਤ
ਭਾਕਿਯੂ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਡੀਸੀ ਦਫ਼ਤਰਾਂ ਅੱਗੇ 27 ਤੋਂ 31 ਅਗਸਤ ਤੱਕ ਲੱਗਣ ਵਾਲੇ ਦਿਨ-ਰਾਤ ਦੇ ਪੰਜ ਰੋਜ਼ਾ ਪੱਕੇ ਮੋਰਚਿਆਂ ਦੀ ਤਿਆਰੀ ਲਈ ਪਿੰਡ-ਪਿੰਡ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਯੂਨੀਅਨ ਵੱਲੋਂ ਬਲਾਕ ਸੰਗਰੂਰ ਦੇ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਅਤੇ ਬਲਾਕ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪਿੰਡਾਂ ਵਿਚ ਕਿਸਾਨ ਖੁਦਕੁਸ਼ੀਆਂ ਜਾਂ ਨਸ਼ਿਆਂ ਕਾਰਨ ਜਿਹੜੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਦੀਆਂ ਸੂਚੀਆਂ ਬਣਾ ਕੇ ਪੱਕੇ ਮੋਰਚੇ ਵਿੱਚ ਲਿਆਂਦੀਆਂ ਜਾਣ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਜਿਵੇਂ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਲੋਕ ਪੱਖੀ ਨਵੀਂ ਖੇਤੀ ਨੀਤੀ ਬਣਾਉਣ ਦੇ ਕੀਤੇ ਵਾਅਦੇ ਜਲਦੀ ਲਾਗੂ ਕਰਾਉਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕਰਾਉਣ, 60 ਸਾਲ ਦੀ ਉਮਰ ਤੋਂ ਵੱਧ ਕਿਸਾਨ-ਮਜ਼ਦੂਰਾਂ, ਮਰਦਾਂ ਤੇ ਔਰਤਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਲਗਾਉਣ ਅਤੇ ਹੋਰ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਕਰਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਨੇ ਪਿੰਡ-ਪਿੰਡ ਕਿਸਾਨਾਂ ਨੂੰ ਅਤੇ ਖਾਸ ਕਰਕੇ ਬੀਬੀਆਂ ਨੂੰ ਪੰਜ ਦਿਨਾਂ ਪੱਕੇ ਮੋਰਚੇ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਬਲਾਕ ਆਗੂ ਕਰਮਜੀਤ ਸਿੰਘ ਮੰਗਵਾਲ, ਪ੍ਰਿਤਪਾਲ ਸਿੰਘ ਚੱਠੇ, ਹਰਮੇਲ ਸਿੰਘ ਲੋਹਾਖੇੜਾ, ਹਰਪਾਲ ਸਿੰਘ ਹੈਪੀ ਸ਼ੇਰੋਂ, ਕਰਮਜੀਤ ਸਿੰਘ ਮੰਡੇਰ, ਗੁਰਦੀਪ ਸਿੰਘ ਕੰਮੋਮਾਜਰਾ ਅਤੇ ਚਮਕੌਰ ਸਿੰਘ ਲੱਡੀ ਮੌਜੂਦ ਸਨ।
ਸੰਦੌੜ (ਮੁਕੰਦ ਸਿੰਘ ਚੀਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਜਗਤਾਰ ਸਿੰਘ ਸਰੌਦ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਕਾਰਜਕਾਰੀ ਪ੍ਰਧਾਨ ਜਗਤਾਰ ਸਿੰਘ ਸਰੌਦ ਅਤੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਨੀਤੀ ਸਬੰਧੀ ਮੰਗੀਆਂ ਗਈਆਂ ਮੰਗਾਂ ਨੂੰ ਪੂਰਨ ਰੂਪ ਵਿਚ ਲਾਗੂ ਨਾ ਕਰਨ ਅਤੇ ਖੇਤੀਬਾੜੀ ਤੇ ਧੱਕੇਸ਼ਾਹੀ ਨਾਲ ਥੋਪੇ ਗਏ ਕਾਲੇ ਕਾਨੂੰਨਾਂ ਦੇ ਰੋਸ ਵਜੋਂ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ 27 ਅਗਸਤ ਤੋਂ 30 ਅਗਸਤ ਤੱਕ ਪੱਕਾ ਮੋਰਚਾ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਮਾਲੇਰਕੋਟਲਾ ਡੀਸੀ ਦਫ਼ਤਰ ਅੱਗੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸਵਰਨਜੀਤ ਸਿੰਘ ਦੁਲਵਾਂ, ਨਛੱਤਰ ਸਿੰਘ ਝਨੇਰ, ਜਗਰੂਪ ਸਿੰਘ ਮੀਤ ਪ੍ਰਧਾਨ, ਖ਼ਜ਼ਾਨਚੀ ਹਰਬੰਸ ਸਿੰਘ, ਪ੍ਰੈੱਸ ਸਕੱਤਰ ਸੇਵਕ ਸਿੰਘ, ਜਸਵੀਰ ਸਿੰਘ ਮਤੋਈ, ਖੁਸ਼ੀ ਸਘੈਣ, ਤਰਲੋਚਨ ਸਿੰਘ, ਮਾਣਾ ਸਿੰਘ, ਸੋਹਣ ਸਿੰਘ ਹਾਜ਼ਰ ਸਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਪਿੰਡ ਬਾਲਦ ਖ਼ੁਰਦ, ਬਾਲਦ ਕਲਾਂ, ਨਦਾਮਪੁਰ, ਕਾਲਾਝਾੜ, ਲੱਖੇਵਾਲ, ਬਟੜਿਆਣਾ ਅਤੇ ਘਨੌੜ ਜੱਟਾਂ ਵਿੱਚ ਰੈਲੀਆਂ ਨੂੰ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ ਚੌਕ, ਹਰਜਿੰਦਰ ਸਿੰਘ ਘਰਾਚੋਂ, ਅਮਨਦੀਪ ਸਿੰਘ ਮਹਿਲਾਂ, ਜਸਵੀਰ ਸਿੰਘ ਗੱਗੜਪੁਰ ਤੇ ਬਲਵਿੰਦਰ ਸਿੰਘ ਘਨੌੜ ਨੇ ਸੰਬੋਧਨ ਕੀਤਾ। ਪਿੰਡ ਘਰਾਚੋਂ ਵਿੱਚ ਨੌਜਵਾਨਾਂ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕੀਤੀ ਗਈ।
ਬੀਕੇਯੂ ਆਜ਼ਾਦ ਵੱਲੋਂ ਸ਼ੰਭੂ ਬਾਰਡਰ ’ਤੇ ਇਕੱਠ ਦਾ ਸੱਦਾ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਬੱਲਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ ਦੀ ਮੀਟਿੰਗ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼ੰਭੂ ਬਾਰਡਰ ’ਤੇ 200 ਦਿਨ ਪੂਰੇ ਹੋਣ ’ਤੇ 31 ਅਗਸਤ ਨੂੰ ਵੱਡੇ ਇਕੱਠ ਕੀਤਾ ਜਾਵੇਗਾ ਅਤੇ ਇੱਕ ਸਤੰਬਰ ਨੂੰ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਦੀ ਬਰਸੀ ਉਨ੍ਹਾਂ ਦੇ ਪਿੰਡ ਮੰਡੇਰ ਕਲਾ ਵਿੱਚ ਮਨਾਈ ਜਾਵੇਗੀ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਜਸਵੀਰ ਸਿੰਘ ਮੇਦੇਵਾਸ, ਸੰਤ ਰਾਮ ਛਾਜਲੀ, ਸੁਖਦੇਵ ਸਿੰਘ ਲੌਗੋਵਾਲ, ਸੁਖਦੇਵ ਸ਼ਰਮਾ ਭੁਟਾਲ ਖੁਰਦ, ਬਲਾਕ ਆਗੂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਲੀਲਾ ਸਿੰਘ ਚੋਟੀਆਂ, ਬੱਬੂ ਮੂਣਕ, ਬਲਕਾਰ ਬੱਲਰਾ, ਬੀਰਬਲ ਹਮੀਰਗੜ੍ਹ, ਰਾਜ ਥੇੜੀ, ਦਰਸ਼ਨ ਖੋਖਰ, ਪਿੰਡ ਇਕਾਈ ਪ੍ਰਧਾਨ, ਮੰਗੂ ਬੱਲਰਾ, ਬਖਤੌਰ ਮੂਨਕ, ਲਾਭ ਗਿੜਦਿਆਣੀ, ਮੇਜਰ ਸੇਖੂਵਾਸ, ਹਰਭਗਵਾਨ ਭੁਟਾਲ ਖੁਰਦ, ਟੇਕਾ ਚੋਟੀਆਂ, ਗੁਰਬਖਸ਼ ਘੋੜੇਨਾਬ, ਬਿਅੰਤ ਗੋਬਿੰਦਗੜ੍ਹ, ਪਾਲ ਢੀਂਡਸਾ, ਮਹਿਲਾ ਆਗੂ ਪਰਮਜੀਤ ਕੌਰ ਪਿਸ਼ੌਰ ਅਤੇ ਕਰਨੈਲ ਕੌਰ ਹਰਿਆਊ ਹਾਜ਼ਰ ਸਨ।
ਭੋਜੋਵਾਲੀ ਵਿੱਚ ਮੀਟਿੰਗ
ਧੂਰੀ (ਪਵਨ ਕੁਮਾਰ ਵਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਧੂਰੀ ਦੀ ਮੀਟਿੰਗ ਪਿੰਡ ਭੋਜੋਵਾਲੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ। ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ ਤੇ ਬਲਜੀਤ ਕੌਰ ਕਿਲਾ ਭਰੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦਾ ਮੰਤਵ 31 ਅਗਸਤ ਨੂੰ ਸ਼ੰਭੂ ਬਾਰਡਰ ’ਤੇ ਵੱਡਾ ਇਕੱਠ ਕਰਨ ਲਈ ਲਾਮਬੰਦ ਕਰਨਾ ਸੀ। ਮੀਟਿੰਗ ਵਿੱਚ ਕੁਲਵਿੰਦਰ ਸਿੰਘ ਪੇਧਨੀ, ਸੁਖਵਿੰਦਰ ਸਿੰਘ ਪੇਧਨੀ, ਪ੍ਰਿਤਪਾਲ ਸਿੰਘ ਲੱਡਾ, ਨਾਜਰ ਸਿੰਘ ਲੱਡਾ, ਜੱਗੀ ਬਰਾੜ, ਹਾਕਮ ਸਿੰਘ, ਜਗਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਭਸੌੜ ਹਾਜ਼ਰ ਸਨ।