ਪੱਤਰ ਪ੍ਰੇਰਕ
ਭਵਾਨੀਗੜ, 24 ਸਤੰਬਰ
ਡੈਮੋਕਰੇਟਿਕ ਮਨਰੇਗਾ ਫਰੰਟ ਪੰਜਾਬ ਵੱਲੋਂ 8 ਅਕਤੂਬਰ ਨੂੰ ਅਨਾਜ ਮੰਡੀ ਸੰਗਰੂਰ ਵਿੱਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਕਾਨਫਰੰਸ ਦੀ ਤਿਆਰੀ ਸਬੰਧੀ ਬਲਾਕ ਦੇ ਪਿੰਡਾਂ ਖੇੜੀ ਚੰਦਵਾਂ, ਰਸੂਲਪੁਰਛੰਨਾ, ਬਲਿਆਲ ਖੁਰਦ, ਹਰਕਿਸ਼ਨਪੁਰਾ, ਰੋਸ਼ਨਵਾਲਾ, ਭੱਟੀਵਾਲ ਕਲਾਂ, ਭੱਟੀਵਾਲ ਖੁਰਦ, ਕਪਿਆਲ, ਸੰਘਰੇੜੀ, ਨਰੈਣਗੜ੍ਹ, ਬਾਸੀਅਰਖ ਅਤੇ ਅਕਰਬਰਪੁਰ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਸੇਵ ਕੌਰ ਬਲਿਆਲ, ਸਰਬਜੀਤ ਕੌਰ ਕਾਹਨਗੜ੍ਹ, ਆਦਿ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਅੰਦਰ ਵੀ ਲਿਖਤੀ ਤੌਰ ’ਤੇ ਕੰਮ ਮੰਗਣ ਦੇ ਬਾਵਜੂਦ ਕੰਮ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕੀਤੇ ਕੰਮ ਦੀ ਦਿਹਾੜੀ ਹਰ ਥਾਂ ਘੱਟ ਦਿੱਤੀ ਜਾ ਰਹੀ ਅਤੇ ਕੀਤੇ ਕੰਮ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ, ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ। ਬੁਲਾਰਿਆਂ ਨੇ ਕਿਹਾ ਕਿ ਮੰਗ ਅਧਾਰਿਤ ਲਿਖਤੀ ਤੌਰ ’ਤੇ ਕੰਮ ਲੈਣ, ਕੰਮ ’ਤੇ ਜਾਣ ਤੋਂ ਪਹਿਲਾਂ ਨਿਯੁਕਤੀ ਪੱਤਰ ਲੈਣ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਹਾਸਲ ਕਰਨ, ਮਿਹਨਤਾਨਾ 15 ਦਿਨਾਂ ਅੰਦਰ ਲੈਣ ਅਤੇ ਦੇਰੀ ਹੋਣ ਤੇ ਸਮੇਤ ਵਿਆਜ ਮਿਹਨਤਾਨਾ ਲੈਣ ਜਿਹੇ ਮੁੱਦਿਆਂ ਤੇ ਲਾਮਬੰਦੀ ਕੀਤੀ ਜਾ ਰਹੀ ਹੈ।