ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਫਰਵਰੀ
ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਰ ਪਾਸੇ ਗੂੰਜ਼ ਹੈ। ਪਿੰਡ-ਪਿੰਡ ਇਕੱਠ ਕਰ ਕੇ ਘਰ-ਘਰ ਦੇ ਬੰਦੇ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਜਾ ਰਿਹਾ ਹੈ। ਸਰਕਾਰੀ ਦੀਆਂ ਸੰਘਰਸ਼ ਫੇਲ੍ਹ ਕਰਨ ਦੀਆਂ ਕੋਸ਼ਿਸ਼ ਮਗਰੋਂ ਕਿਸਾਨਾਂ ’ਚ ਪਹਿਲਾਂ ਨਾਲੋਂ ਵੀ ਦਿੱਲੀ ਜਾਣ ਦਾ ਜੋਸ਼ ’ਤੇ ਉਤਸ਼ਾਹ ਹੈ।
ਅੱਜ ਮਸਤੂਆਣਾ ਸਾਹਿਬ ਵਿਚ ਸੰਤ ਬਾਬਾ ਅਤਰ ਸਿੰਘ ਦੀ ਸਾਲਾਨਾ ਬਰਸੀ ਮੌਕੇ ਲੱਗਣ ਵਾਲੇ ਤਿੰਨ ਰੋਜ਼ਾ ਜੋੜ ਮੇਲੇ ਦੇ ਆਖ਼ਰੀ ਦਿਨ ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ਵਾਹਨਾਂ ਉੱਪਰ ਸਪੀਕਰ ਲਗਾ ਕੇ ਲੋਕਾਂ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ। ਉਧਰ ਰੇਲਵੇ ਸਟੇਸ਼ਨ ਨੇੜੇ, ਭਾਜਪਾ ਆਗੂ ਦੇ ਘਰ ਅੱਗੇ ਅਤੇ ਖੇੜੀ ਵਿਚ ਰਿਲਾਇੰਸ ਪੰਪ ਅੱਗੇ ਕਿਸਾਨਾਂ ਦੇ ਪੱਕੇ ਰੋਸ ਧਰਨੇ ਜਾਰੀ ਹਨ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਵੀ ਪਿੰਡ ਪੱਧਰ ’ਤੇ ਇੱਕਜੁੱਟ ਹੁੰਦਿਆਂ ਕਿਸਾਨ ਅੰਦੋਲਨ ’ਚ ਭਰਵੀਂ ਸ਼ਮੂਲੀਅਤ ਲਈ ਲਾਮਬੰਦੀ ਦੀ ਮੁਹਿੰਮ ਚਲਾਈ ਜਾ ਰਹੀ ਹੈ। ਸਾਰੇ ਆਗੂ ਇੱਕ ਮੰਚ ’ਤੇ ਇੱਕਜੁਟ ਹੁੰਦਿਆਂ ਦਿੱਲੀ ਵਾਸਤੇ ਲੋਕਾਂ ਨੂੰ ਲਾਮਬੰਦ ਰਹੇ ਹਨ। ਨੌਜਵਾਨ ਕਿਸਾਨਾਂ ਵਲੋਂ ਪ੍ਰਚਾਰ ਦੌਰਾਨ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਧਰ, ਸਥਾਨਕ ਰੇਲਵੇ ਸਟੇਸ਼ਨ ਨੇੜੇ 124ਵੇਂ ਦਿਨ ਰੋਸ ਧਰਨੇ ਨੂੰ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਦਿੱਲੀ ’ਚ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਇੰਟਰਨੈੱਟ ਸੇਵਾ ਬੰਦ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਲੋਕਾਂ ਦੀ ਆਵਾਜ਼ ਬੰਦ ਨਹੀਂ ਕਰ ਸਕੇਗੀ ਸਗੋਂ, ਸੰਘਰਸ਼ ਹੋਰ ਵੀ ਮਜ਼ਬੂਤ ਹੋਵੇਗਾ। ਇਸ ਮੌਕੇ ਨਰੰਜਣ ਸਿੰਘ ਦੋਹਲਾ, ਹਰਮੇਲ ਸਿੰਘ ਮਹਿਰੋਕ, ਇੰਦਰਪਾਲ ਪੁੰਨਾਂਵਾਲ, ਨਿਰਮਲ ਸਿੰਘ ਬਟੜਿਆਣਾ, ਲੱਖਮੀ ਚੰਦ, ਦਲਵਾਰਾ ਸਿੰਘ ਨਾਗਰਾ, ਜਸਵੰਤ ਸਿੰਘ ਬਿਗੜਵਾਲ, ਰੋਹੀ ਸਿੰਘ ਮੰਗਵਾਲ ਆਦਿ ਨੇ ਸੰਬੋਧਨ ਕੀਤਾ।
ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਦੀ ਮਹੀਨਾਵਾਰ ਮੀਟਿੰਗ ਐਤਕੀਂ ਪਿੰਡ ਖੇਤਲਾ ਨੇੜੇ ਰਿਲਾਇੰਸ ਪੰਪ ’ਤੇ ਕਿਸਾਨਾਂ ਦੇ ਚੱਲ ਰਹੇ ਧਰਨੇ ’ਤੇ ਹੋਈ। ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਅਗਵਾਈ ਹੇਠ ਨੌਜਵਾਨ ਸਾਹਿਤਕਾਰਾਂ ਪ੍ਰੀਤ ਖੇਤਲਾ, ਕਿਸਨ ਦਿੜ੍ਹਬਾ, ਰਾਮਫਲ ਰਾਜਲਹੇੜੀ, ਨਾਇਬ ਸਿੰਘ ਰਟੋਲਾਂ, ਕੁਲਵਿੰਦਰ ਸਿੰਘ, ਹਰਮੇਸ਼ ਮੇਸ਼ੀ, ਮੇਜਰ ਸਿੰਘ ਖੇਤਲਾ, ਦਰਸ਼ਨ ਸਿੰਘ ਰੋਗਲਾ, ਨਵੀ ਛਾਹੜ, ਕੈਪਟਨ ਗੁਲਾਬ ਸਿੰਘ, ਅਰਸ਼ਦੀਪ ਵਿਰਕ ਆਦਿ ਸਾਹਿਕਾਰਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਪਿਤ ਰਚਨਾਵਾਂ ਪੇਸ਼ ਕਰ ਕੇ ਰੰਗ ਬੰਨ੍ਹਿਆ ਅਤੇ ਕਿਸਾਨਾਂ ਵਿੱਚ ਸੰਘਰਸ਼ ਪ੍ਰਤੀ ਜੋਸ ਭਰਿਆ। ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਪਾ ਦਿੱਤਾ ਹੈ। ਅੰਨਦਾਤਾ ਦੋ ਮਹੀਨਿਆਂ ਤੋਂ ਠੰਢ ਵਿੱਚ ਦਿੱਲੀ ਦੀਆਂ ਬਰੂਹਾਂ ’ਤੇ ਬੈਠਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਚ ਦੇ ਸਾਰੇ ਹੀ ਸਾਹਿਤਕਾਰਾਂ ਵੱਲੋਂ ਕਿਸਾਨ ਅੰਦੋਲਨ ਦਾ ਪੂਰਨ ਸਮਰਥਨ ਕੀਤਾ ਜਾਵੇਗਾ। ਮੰਚ ਦਾ ਸੰਚਾਲਨ ਜਸਮੀਤ ਕੌਰ ਖੇਤਲਾ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਗੁਰਜੰਟ ਸਿੰਘ, ਗੁਰਚਰਨ ਸਿੰਘ, ਕਿਸਾਨ ਆਗੂ ਬਲਵੀਰ ਸਿੰਘ, ਮਲਕੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸਾਰੇ ਹੀ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਜਥੇਬੰਦੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪਿੰਡ ਨਦਾਮਪੁਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਬੱਸ ਸਟੈਂਡ ਤੇ ਪਹੁੰਚ ਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਿੰਡ ਭਾਜਪਾ ਸਰਕਾਰ ਦੇ ਤਾਨਾਸ਼ਾਹ ਰਵੱਈਏ ਖ਼ਿਲਾਫ਼ ਜੋਧਾ ਸਿੰਘ, ਦਲੀਪ ਸਿੰਘ, ਰਮਨਪ੍ਰੀਤ ਸਿੰਘ ਕੰਧੋਲਾ, ਅਮ੍ਰਿਤ ਸਿੰਘ, ਅਮਰੀਕ ਸਿੰਘ, ਜਗਮੇਲ ਸਿੰਘ, ਬੰਤ ਸਿੰਘ ਅਤੇ ਕਰਮਜੀਤ ਸਿੰਘ ਨਦਾਮਪੁਰ ਨੇ 26 ਜਨਵਰੀ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤੇ 250 ਨੌਜਵਾਨਾਂ ਨੂੰ ਰਿਹਾਅ ਕਰਨ, ਕਿਸਾਨ ਆਗੂਆਂ ਤੇ ਪਾਏ ਗਏ ਝੂਠੇ ਪਰਚਿਆਂ ਨੂੰ ਰੱਦ ਕਰਨ ਤੇ ਖੇਤੀਬਾੜੀ ਦੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।