ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 21 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਲਾਏ ਜਾਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਵਜੋਂ ਜਥੇਬੰਦੀ ਦੀ ਸੁਨਾਮ ਇਕਾਈ ਨੇ ਜੰਗੀ ਪੱਧਰ ਉੱਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ।
ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਬਲਾਕ ਦੇ ਲਗਪਗ 40 ਪਿੰਡਾਂ ਅੰਦਰ ਨੁੱਕੜ ਮੀਟਿੰਗਾਂ ਤੇ ਰੈਲੀਆਂ ਰਾਹੀਂ ਆਮ ਲੋਕਾਈ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਪ੍ਰੈੱਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਦੱਸਿਆ ਕਿ ਆਉਂਦੀ 27 ਅਗਸਤ ਤੋਂ 31 ਅਗਸਤ ਤੱਕ ਇਨ੍ਹਾਂ ਪੰਜ ਰੋਜ਼ਾ ਸੂਬਾਈ ਪੱਕੇ ਮੋਰਚਿਆਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੋਰਚੇ ਨੂੰ ਲੈਕੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਦੇ ਰੂਪ ਵਿੱਚ ਲੱਗਣ ਵਾਲੇ ਇਸ ਮੋਰਚੇ ਨੂੰ ਹਰ ਹੀਲੇ ਸਫ਼ਲ ਬਣਾਇਆ ਜਾਵੇਗਾ। ਇਸ ਮੌਕੇ ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾਂ, ਮਨੀ ਸਿੰਘ ਭੈਣੀ, ਲਾਲੀ ਦੋਲੇਵਾਲ, ਬਲਾਕ ਪ੍ਰਧਾਨ ਜਸਵੀਰ ਕੌਰ ਉਗਰਾਹਾਂ ਅਤੇ ਬਲਾਕ ਆਗੂ ਮਨਜੀਤ ਕੌਰ ਤੋਲਾਵਾਲ ਵੀ ਹਾਜ਼ਰ ਸਨ।