ਨਿਜੀ ਪੱਤਰ ਪ੍ਰੇਰਕ
ਸੰਗਰੂਰ, 3 ਨਵੰਬਰ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਪਿਛਲੇ ਤਿੰਨ ਹਫਤਿਆਂ ਤੋਂ ਇਥੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਡਟੇ ਹੋਏ ਹਨ ਤੇ ਰੋਸ ਧਰਨੇ ’ਚ ਕਿਸਾਨ ਆਗੂਆਂ ਦੀ ਮੋਦੀ ਸਰਕਾਰ ਖ਼ਿਲਾਫ਼ ਗਰਜ ਕਾਇਮ ਹੈ। ਕਿਸਾਨ ਬੁਲਾਰਿਆਂ ਨੇ ਜਿਥੇ ਪਰਾਲੀ ਨੂੰ ਸਾੜਨ ਤੋਂ ਰੋਕਣ ਆਉਂਦੇ ਅਧਿਕਾਰੀਆਂ ਦੇ ਘਿਰਾਓ ਦਾ ਸੱਦਾ ਦਿੱਤਾ ਹੈ ਉਥੇ 5 ਨਵੰਬਰ ਨੂੰ ਦੇਸ਼-ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਸਫਲ ਬਨਾਉਣ ਲਈ ਕਿਸਾਨਾਂ ਨੂੰ ਉਲੀਕੇ ਪ੍ਰੋਗਰਾਮ ਅਨੁਸਾਰ ਸੜਕਾਂ ’ਤੇ ਡਟਣ ਦਾ ਸੱਦਾ ਦਿੱਤਾ ਹੈ। ਉਧਰ, ਖੇੜੀ ਰਿਲਾਇੰਸ ਪੰਪ ਅੱਗੇ ਵੀ ਕਿਸਾਨ ਤੇ ਕਿਸਾਨ ਬੀਬੀਆਂ ਲਗਾਏ ਪੱਕੇ ਮੋਰਚੇ ’ਤੇ ਡਟੀਆਂ ਹੋਈਆਂ ਹਨ। ਇਥੇ ਭਾਜਪਾ ਆਗੂ ਦੇ ਘਰ ਅੱਗੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਅੱਜ ਗੋਬਿੰਦਰ ਸਿੰਘ ਬਡਰੁੱਖਾਂ ਤੇ ਗੁਰਦੀਪ ਸਿੰਘ ਕੰਮੋਮਾਜਰਾ ਨੇ ਸੰਬੋਧਨ ਕੀਤਾ ਜਦੋਂਕਿ ਖੇੜੀ ਰਿਲਾਇੰਸ ਪੰਪ ਅੱਗੇ ਕਿਸਾਨ ਆਗੂ ਸਰੂਪ ਚੰਦ ਕਿਲਾਭਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ। ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਸਬੰਧੀ ਲਏ ਫੈਸਲੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਪਰਾਲੀ ਸਾੜਨਾਂ ਕਿਸਾਨ ਦਾ ਸ਼ੌਕ ਨਹੀਂ ਪਰ ਸਰਕਾਰ ਕਿਸਾਨਾਂ ਦੀ ਮਜ਼ਬੂਰੀ ਸਮਝਣ ਲਈ ਤਿਆਰ ਨਹੀਂ। ਜਦੋਂਕਿ ਸੱਤਾ ਦੇ ਨਸ਼ੇ ’ਚ ਕਿਸਾਨ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਸਿਰਫ਼ ਕਿਸਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜੇਕਰ ਪਰਾਲੀ ਨੂੰ ਅੱਗ ਲਗਾਉਣ ਮਗਰੋਂ ਜੇਕਰ ਕੋਈ ਅਧਿਕਾਰੀ ਰੋਕਣ ਲਈ ਪਹੁੰਚਦਾ ਹੈ ਤਾਂ ਉਸਦਾ ਘਿਰਾਓ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਹੁਣ ਲੜਾਈ ਦੇਸ਼ ਭਰ ਵਿਚ ਸ਼ੁਰੂ ਹੋ ਗਈ ਹੈ। ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਦਾ ਸੱਦਾ ਦਿੱਤਾ ਹੈ ਜਿਸਨੂੰ ਸਫਲ ਬਣਾਉਣ ਲਈ ਜਿਥੇ ਕਿਸਾਨਾਂ ਨੂੰ ਡਟ ਜਾਣਾ ਚਾਹੀਦਾ ਹੈ ਉਥੇ ਹੋਰ ਵੱਖ-ਵੱਖ ਵਰਗਾਂ ਅਤੇ ਖੇਤਰ ਨਾਲ ਜੁੜੇ ਲੋਕਾਂ ਨੂੰ ਵੀ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਵੱਲੋਂ ਕੁਲਵਿੰਦਰ ਸਿੰਘ ਭੂਦਨ ਤੇ ਜਗਤਾਰ ਸਿੰਘ ਕਲੇਰਾਂ, ਦੀ ਅਗਵਾਈ ’ਚ ਮਾਲੇਰਕੋਟਲਾ-ਧੂਰੀ ਸੜਕ ਸਥਿਤ ਰਿਲਾਇੰਸ ਪੈਟਰੋਲ ਪੰਪ ਅੱਗੇ ਲਾਇਆ ਧਰਨਾ ਅੱਜ 32ਵੇਂ ਦਿਨ ’ਚ ਦਾਖ਼ਲ ਹੋ ਗਿਆ। ਅੱਜ ਦੇ ਧਰਨੇ ’ਚ ਔਰਤਾਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਮਾਸਟਰ ਮੱਘਰ ਸਿੰਘ ਭੂਦਨ, ਬਲਵੀਰ ਕੌਰ ਘਨੌਰ ਕਲਾਂ, ਨਾਹਰ ਸਿੰਘ ਹਥਨ ,ਸੁਖਦੇਵ ਸਿੰਘ ਮਾਣਕਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਤੋਂ ਬੁਖਲਾ ਕੇ ਕਿਸਾਨੀ ਮੰਗਾਂ ਮੰਨਣ ਦੀ ਬਜਾਏ ਬਦਲਾ ਲਊ ਕਾਰਵਾਈਆਂ ’ਤੇ ਉਤਰ ਆਈ ਹੈ। ਮੋਦੀ ਸਰਕਾਰ ਵੱਲੋਂ ਪੰਜਾਬ ਲਈ ਮਾਲ ਗੱਡੀਆਂ, ਪੇਂਡੂ ਵਿਕਾਸ ਰਕਮ ਰੋਕਣਾ ਤੇ ਹਵਾ ਪ੍ਰਦੂਸ਼ਣ ਸਬੰਧੀ ਫੈਸਲੇ ਗ਼ੈਰ ਵਾਜਬ ਹੈ। ਕੇਂਦਰ ਸਰਕਾਰ ਦੇ ਇਹ ਕਦਮ ਸਾਬਤ ਕਰਦੇ ਹਨ ਕਿ ਮੋਦੀ ਹਕੂਮਤ, ਕਿਸਾਨਾਂ ਹਿੱਤਾਂ ਦੀ ਪ੍ਰਵਾਹ ਨਹੀਂ ਕਰ ਰਹੀ।
ਬੰਦ ਨੂੰ ਸਫਲ ਕਰਨ ਦਾ ਅਹਿਦ ਲਿਆ
ਭਵਾਨੀਗੜ੍ਹ (ਪੱਤਰ ਪ੍ਰੇਰਕ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਟੌਲ ਪਲਾਜ਼ਾ ਕਾਲਾਝਾੜ, ਟੌਲ ਪਲਾਜ਼ਾ ਮਾਝੀ ਤੇ ਰਿਲਾਇੰਸ ਪੰਪ ਬਾਲਦ ਕਲਾਂ ’ਚ 34 ਵੇਂ ਦਿਨ ਧਰਨਿਆਂ ’ਚ ਕਿਸਾਨਾਂ ਵੱਲੋਂ 5 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਕਰਨ ਦਾ ਅਹਿਦ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ’ਚ ਧਰਨਿਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਤੇ ਹਰਜੀਤ ਸਿੰਘ ਮਹਿਲਾਂ ਨੇ ਆਖਿਆ ਕਿ 5 ਨੂੰ ਯੂਨੀਅਨ ਵੱਲੋਂ ਪੰਜਾਬ ’ਚ 14 ਜ਼ਿਲਿਆਂ ’ਚ ਸੜਕਾਂ ’ਤੇ ਚੱਕਾ ਜਾਮ ਕੀਤਾ ਜਾਵੇਗਾ ਤੇ ਪਹਿਲਾਂ ਚੱਲ ਰਹੇ ਧਰਨੇ ਵੀ ਜਾਰੀ ਰਹਿਣਗੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿੱਤ ਟੌਲ ਪਲਾਜ਼ਾ ਮਾਝੀ ’ਚ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ 5 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।