ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 27 ਦਸੰਬਰ
ਪੰਜਾਬੀ ਗਾਇਕ ਤੇ ਫ਼ਿਲਮ ਅਦਾਕਾਰ ਪਰਮਜੀਤ ਸਿੱਧੂ (ਪੰਮੀ ਬਾਈ) ਨੇ ਦਿੜ੍ਹਬਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਅਤੇ ਹੋਰ ਰਾਜਾਂ ਦੇ ਲੱਖਾਂ ਕਿਸਾਨ ਇੱਕ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਠੰਢ ਵਿੱਚ ਬੈਠੇ ਹਨ ਪਰ ਮੋਦੀ ਸਰਕਾਰ ਵੱਲੋਂ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਘਬਰਾ ਕੇ ਪੂਰੀ ਤਰ੍ਹਾਂ ਹਿੱਲ ਗਈ ਹੈ ਕਿਉਂਕਿ ਇਸ ਅੰਦੋਲਨ ਦਾ ਜਿੱਥੇ ਦੇਸ਼ ਦੇ ਸਾਰੇ ਵਰਗਾਂ ਦੇ ਲੋਕ, ਹਿੰਦੀ ਪੰਜਾਬੀ ਫ਼ਿਲਮ ਅਦਾਕਾਰਾਂ ਅਤੇ ਪੰਜਾਬ ਦੇ ਗਾਇਕਾਂ ਵੱਲੋਂ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਡਟਵਾਂ ਸਮੱਰਥਨ ਕੀਤਾ ਜਾ ਰਿਹਾ ਹੈ, ਉੱਥੇ ਪੂਰੇ ਵਿਸ਼ਵ ਵਿੱਚ ਬੈਠੇ ਪੰਜਾਬੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਮਨਸੂਬਾ ਰਿਹਾ ਹੈ ਕਿ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਵਿੱਚ ਵੰਡੀਆਂ ਕਿਵੇਂ ਪਾਈਆਂ ਜਾਣ ਪਰ ਸਰਕਾਰ ਸਫ਼ਲ ਨਹੀਂ ਹੋਵੇਗੀ ਕਿਉਂਕਿ ਸਾਰੇ ਧਰਮਾਂ ਦੇ ਲੋਕ ਜਾਗਰੂਕ ਹੋ ਚੁੱਕੇ ਹਨ, ਜਿਸ ਕਰਕੇ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਹੀ ਪਵੇਗਾ।