ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਅਗਸਤ
ਇੱਥੋਂ ਥੋੜੀ ਦੂਰ ਭਵਾਨੀਗੜ੍ਹ-ਨਾਭਾ ਮੁੱਖ ਸੜਕ ’ਤੇ ਸਥਿੱਤ ਪਿੰਡ ਆਲੋਅਰਖ ਵਿੱਚ ਬੀਤੀ ਰਾਤ ਪਨਗਰੇਨ ਦੇ ਗੁਦਾਮ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਗੁਰਵਿੰਦਰ ਸਿੰਘ ਦੇ ਚਚੇਰੇ ਭਰਾ ਅਤਰ ਸਿੰਘ ਵਾਸੀ ਬਖ਼ਤੜੀ ਨੇ ਦੱਸਿਆ ਕਿ ਉਹ ਰਾਤ ਨੂੰ ਚੌਕੀਦਾਰ ਵਜੋਂ ਡਿਊਟੀ ਕਰ ਰਹੇ ਸਨ ਕਿ 10-15 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਜਦੋਂ ਉਹ ਆਪਣੇ ਹਥ-ਪੈਰ ਖੋਲ੍ਹ ਕੇ ਬਾਹਰ ਆਇਆ ਤਾਂ ਹਮਲਾਵਰ ਭੱਜ ਗਏ। ਉਸ ਨੇ ਦੇਖਿਆ ਕਿ ਗੁਰਵਿੰਦਰ ਸਿੰਘ ਜ਼ਖ਼ਮੀ ਹਾਲਤ ਵਿੱਚ ਡਿੱਗਿਆ ਪਿਆ ਸੀ। ਉਪਰੰਤ ਉਹ ਨੇੜਲੇ ਟੌਲ ਪਲਾਜ਼ਾ ਮਾਝੀ ਜਾ ਕੇ ਐਂਬੂਲੈਂਸ ਲੈ ਕੇ ਆਇਆ ਅਤੇ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਲੈ ਕੇ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਗੁਰਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਨੇ ਦੱਸਿਆ ਕਿ ਗੁਰਵਿੰਦਰ ਤੇ ਉਸ ਕੋਲ ਆਪਣੀ ਰੱਖਿਆ ਲਈ ਕੋਈ ਹਥਿਆਰ ਨਹੀਂ ਸੀ ਅਤੇ ਨਾ ਹੀ ਕੋਈ ਟਾਰਚ ਜਾਂ ਵਰਦੀ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਪਨਗਰੇਨ ਦੇ ਮੈਨੇਜਰ ਮਾਣਕਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਉਹ ਘਟਨਾ ਸਬੰਧੀ ਪਤਾ ਲੱਗਦੇ ਹੀ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ। ਘਟਨਾ ਸਥਾਨ ’ਤੇ ਪਹੁੰਚੇ ਐੱਸਪੀ (ਡੀ) ਸੰਗਰੂਰ ਹਰਪ੍ਰੀਤ ਸਿੰਘ ਅਤੇ ਡੀਐੱਸਪੀ ਭਵਾਨੀਗੜ੍ਹ ਗੋਬਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਆਪਣੇ ਭਰਾ ਦੀ ਜਗ੍ਹਾ ਰਾਤ ਦੀ ਡਿਊਟੀ ਕਰਨ ਲਈ ਆਇਆ ਸੀ। ਬਾਹਰੋਂ ਆਏ ਵਿਅਕਤੀਆਂ ਦੇ ਹਮਲੇ ਵਿੱਚ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਢਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।