ਮੁਕੰਦ ਸਿੰਘ ਚੀਮਾ
ਸੰਦੌੜ, 8 ਜੁਲਾਈ
ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚ ਲੰਗਰ ਲਈ ਪਿੰਡ ਖੁਰਦ ਦੇ ਮੁਸਲਿਮ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ 25 ਕੁਇੰਟਲ ਕਣਕ, ਦਾਲਾਂ ਤੇ ਚੌਲਾਂ ਦੀ ਰਸਦ ਸੇਵਾ ਵਜੋਂ ਭੇਜੀ ਗਈ ਹੈ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ ਦੱਸਿਆ ਕਿ ਪਿੰਡ ਦੇ ਮੁਸਲਿਮ ਭਾਈਚਾਰੇ ਦੇ ਵਿਸ਼ੇਸ਼ ਉਪਰਾਲੇ ਨਾਲ ਪਿੰਡ ਵਿਚੋਂ ਰਸਦ ਇਕੱਠੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿੰਡ ਅੰਦਰ ਹਮੇਸ਼ਾ ਹੀ ਸਿੱਖ, ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਇਕ-ਦੂਜੇ ਦੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਰਵਾਇਤ ਨੂੰ ਅੱਗੇ ਤੋਰਦੇ ਹੋਏ ਮੁਸਲਿਮ ਭਾਈਚਾਰੇ ਵੱਲੋਂ ਇਹ ਸੇਵਾ ਲਈ ਗਈ ਸੀ। ਇਸ ਮੌਕੇ ਗਾਮਾ ਖਾਂ, ਰਮਜਾਨ ਮੁਹੰਮਦ, ਬੂਟਾ ਖਾਂ, ਬਾਰਾ ਸਿੰਘ ਖੁਰਦ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।