ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 27 ਜੁਲਾਈ
ਇੱਥੋਂ ਦੇ ਇੱਕ ਮੰਦਿਰ ਦੇ ਪੁਜਾਰੀ ਦੀ ਪਤਨੀ, ਜੋ ਜਣੇਪੇ ਕਾਰਨ ਇਥੇ ਸਰਕਾਰੀ ਹਸਪਤਾਲ ’ਚ ਦਾਖ਼ਲ ਸੀ, ਨੂੰ ਖ਼ੂਨ ਦੀ ਜ਼ਰੂਰਤ ਪੈਣ ’ਤੇ ਇਥੋਂ ਦੇ ਮੁਸਲਿਮ ਨੌਜਵਾਨ ਨੇ ਇਨਸਾਨੀ ਨਾਤੇ ਆਪਣਾ ਫ਼ਰਜ਼ ਸਮਝਦਿਆਂ ਆਪਣਾ ਖ਼ੂਨ ਦਾਨ ਕਰਕੇ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕੀਤਾ ਹੈ। ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੂਬੀਨ ਫ਼ਾਰੂਕੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਹਸਪਤਾਲ ’ਚ ਜਣੇਪੇ ਕਾਰਨ ਦਾਖ਼ਲ ਸ਼ਹਿਰ ਦੇ ਇੱਕ ਮੰਦਿਰ ਦੇ ਪੁਜਾਰੀ ਦੀ ਪਤਨੀ ਨੂੰ ਐਮਰਜੈਂਸੀ ਖ਼ੂਨ ਦੀ ਜ਼ਰੂਰਤ ਪੈ ਗਈ ਤਾਂ ਉਨ੍ਹਾਂ ਤੁਰੰਤ ਸੰਸਥਾ ਨਾਲ ਜੁੜੇ ਨੌਜਵਾਨ ਮੁਹੰਮਦ ਅਸਗਰ ਨਾਲ ਸੰਪਰਕ ਕੀਤਾ। ਮੁਹੰਮਦ ਅਸਗਰ ਨੇ ਸਿਵਲ ਹਸਪਤਾਲ ਪੁੱਜ ਕੇ ਖ਼ੂਨ ਦਾਨ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਮੇਂ ’ਚ ਕੁਝ ਫ਼ਿਰਕੂ ਅਨਸਰਾਂ ਨੇ ਮਾਲੇਰਕੋਟਲਾ ਸ਼ਹਿਰ ਦੇ ਮਾਹੌਲ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਮਾਲੇਰਕੋਟਲਾ ਸ਼ਹਿਰ ਆਪਸੀ ਭਾਈਚਾਰੇ ਦੀ ਸਿਫਤੀ ਮਿਸਾਲ ਹੈ। ਮੰਦਿਰ ਦੇ ਪੁਜਾਰੀ ਰਾਮਵੀਰ ਸਿੰਘ ਨੇ ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਦੇ ਵਾਲੰਟੀਅਰ ਮੁਹੰਮਦ ਅਸਗਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਖੂ਼ਨਦਾਨ ਕਰਨ ਮੌਕੇ ਮੁਹੰਮਦ ਵਸੀਮ, ਅਕਰਮ ਬੱਗਾ, ਮੁਹੰਮਦ ਆਰਿਫ, ਇਮਤਿਆਜ਼, ਆਸ਼ਾ ਵਰਕਰ ਭੋਲੀ ਆਦਿ ਵੀ ਹਾਜ਼ਰ ਸਨ।