ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 4 ਸਤੰਬਰ
ਸ਼ਹੀਦ ਬਾਬਾ ਜੀਵਨ ਸਿੰਘ ਦੇ 360ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 22ਵੇਂ ਚੇਤਨਾ ਮਾਰਚ ਦੇ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਿਛਲੇ ਦਿਨੀਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਇਆ ਨਗਰ ਕੀਰਤਨ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ’ਚੋਂ ਹੁੰਦਾ ਹੋਇਆ ਅੱਜ ਬਾਅਦ ਦੁਪਹਿਰ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪਹੁੰਚਿਆ। ਇਸ ਦੌਰਾਨ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਜਾ ਰਹੇ ਸੀ। ਨਗਰ ਕੀਰਤਨ ਦਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਹੁੰਚਣ ’ਤੇ ਅਕਾਲ ਕਾਲਜ ਕੌਂਸਲ ਅਤੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਤੋਂ ਇਲਾਵਾ ਨਗਰ ਕੀਰਤਨ ਨਾਲ ਆਏ ਪ੍ਰਬੰਧਕ ਅਤੇ ਸਹਿਯੋਗੀ ਸਿੰਘਾਂ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ ਵੱਲੋਂ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਸਕੱਤਰ ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਗਿੱਲ, ਬਲਵੰਤ ਸਿੰਘ ਸਿੱਧੂ, ਜਸਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਜਵੰਧਾ, ਰਣਜੀਤ ਸਿੰਘ ਖਹਿਰਾ, ਗਮਦੂਰ ਸਿੰਘ, ਹਾਕਮ ਸਿੰਘ, ਨਿਰਭੈ ਸਿੰਘ, ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਨਿਰਭੋਲ ਸਿੰਘ ਬਰਨਾਲਾ, ਕਾਲਾ ਸਿੰਘ, ਮਨਜੀਤ ਸਿੰਘ ਸਮੇਤ ਅਕਾਲ ਕਾਲਜ ਕੌਂਸਲ ਦੇ ਵੱਡੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਸਨ। ਸੰਗਤਾਂ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।